ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਪਿਆ ਦਿਲ ਦਾ ਦੌਰਾ

12/04/2016 10:10:52 PM

ਚੇਨਈ— ਇਥੋਂ ਦੇ ਅਪੋਲੋ ਹਸਪਤਾਲ ''ਚ ਪਿਛਲੇ 73 ਦਿਨਾਂ ਤੋਂ ਦਾਖਲ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਐਤਵਾਰ ਸ਼ਾਮ ਦਿਲ ਦਾ ਦੌਰਾ ਪਿਆ। ਅਪੋਲੋ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਜੈਲਲਿਤਾ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਮਾਹਿਰ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।
ਇਸ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ਅੰਨਾ ਡੀ. ਐੱਮ. ਕੇ. ਨੇ ਕਿਹਾ ਸੀ ਕਿ ਜੈਲਲਿਤਾ ਛੇਤੀ ਹੀ ਘਰ ਵਾਪਸੀ ਕਰ ਸਕਦੀ ਹੈ ਕਿਉਂਕਿ ਏਮਜ਼ ਦੀ ਇਕ ਮਾਹਿਰ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਚੁਕੀ ਹੈ। ਪਾਰਟੀ ਬੁਲਾਰੇ ਸੀ. ਪੋਨੀਯਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਏਮਜ਼ ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਹਸਪਤਾਲ ਦਾ ਦੌਰਾ ਕੀਤਾ ਸੀ ਤੇ ਜੈਲਲਿਤਾ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਚੰਗੀ ਖਬਰ ਦਿੱਤੀ ਕਿ ਅੰਮਾ ਪੂਰੀ ਤਰ੍ਹਾਂ ਨਾਲ ਠੀਕ ਹੋ ਚੁਕੀ ਹੈ।
68 ਸਾਲਾਂ ਅੰਨਾ ਡੀ. ਐੱਮ. ਕੇ. ਸੁਪਰੀਮੋ ਨੂੰ 22 ਸਤੰਬਰ ਨੂੰ ਹਸਪਤਾਲ ''ਚ ਦਾਖਲ ਕਰਵਾਉਣ ਤੋਂ ਬਾਅਦ ਇਹ ਦਲ ਦੌਰਾ ਕਰਦਾ ਰਿਹਾ ਹੈ। ਪੋਨੀਯਨ ਨੇ ਕਿਹਾ ਸੀ ਕਿ ਮੁੱਖ ਮੰਤਰੀ ਸਰੀਰਕ ਕਸਰਤ ਕਰ ਰਹੀ ਹੈ ਤੇ ਉਨ੍ਹਾਂ ਦੀ ਫਿਜ਼ੀਓਥੈਰੇਪੀ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਖੁਦ ਖਾਣਾ ਖਾ ਰਹੀ ਹੈ ਤੇ ਸਰਕਾਰ ਤੇ ਪਾਰਟੀ ਮਾਮਲਿਆਂ ''ਚ ਹੁਕਮ ਵੀ ਦੇ ਰਹੀ ਹੈ।