ਦੇਸ਼ ਦਾ ਹੈਲਥ ਬੁਲੇਟਿਨ ਜਾਰੀ, ਰੋਜ਼ਾਨਾ 15000 ਲੋਕਾਂ ਦੇ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ

04/12/2020 4:30:22 PM

ਨਵੀਂ ਦਿੱਲੀ- ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਦੀ ਜਾਣਕਾਰੀ ਦੇਣ ਲਈ ਅੱਜ ਭਾਵ ਐਤਵਾਰ ਨੂੰ ਆਪਣਾ ਹੈਲਥ ਬੁਲੇਟਿਨ ਜਾਰੀ ਕੀਤਾ ਹੈ। ਇਸ ਦੌਰਾਨ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਦੇ ਹੁਣ ਤੱਕ 1 ਲੱਖ 86 ਹਜ਼ਾਰ 906 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ ਅਤੇ ਰੋਜ਼ਾਨਾ ਦੇਸ਼ 'ਚ 15,000 ਟੈਸਟ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ ਭਰ 'ਚੋਂ ਹੁਣ ਤੱਕ 8356 ਮਾਮਲੇ ਸਾਹਮਣੇ ਆਏ ਹਨ ਜਦਕਿ ਹੁਣ ਤੱਕ 273 ਲੋਕਾਂ ਦੀ ਮੌਤ ਹੋ ਚੁੱਕੀ। ਇਸ ਦੇ ਨਾਲ ਹੀ 716 ਮਰੀਜ਼ ਠੀਕ ਵੀ ਹੋ ਚੁੱਕੇ ਹਨ। 

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਦੇ 900 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਇਹ ਗਿਣਤੀ ਵੱਧ ਕੇ 8356 ਤੱਕ ਪਹੁੰਚ ਗਈ ਹੈ। ਇਸ ਦੌਰਾਨ 34 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 273 ਤੱਕ ਪਹੁੰਚ ਗਈ ਹੈ। ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੇ ਕੇਂਦਰ ਸ਼ਾਸਿਤ ਸੂਬਿਆਂ ਸਮੇਤ 31 ਸੂਬਿਆਂ 'ਚ ਫੈਲ ਚੁੱਕਿਆ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਣ ਤੱਕ 1761 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਦੱਸਣਯੋਗ ਹੈ ਕਿ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 17 ਲੋਕਾਂ ਦੀ ਮੌਤ ਹੋਈ ਜਦਕਿ 187 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨਫੈਕਟਡ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਦਿੱਲੀ ਹੈ ਜਿੱਥੇ ਪਿਛਲੇ 24 ਘੰਟਿਆਂ 'ਚ 166 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਕੁੱਲ 1069 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 6 ਤੋਂ ਵੱਧ ਕੇ 19 ਤੱਕ ਪਹੁੰਚ ਗਈ ਹੈ। ਇਸ ਤੋਂ ਬਾਅਦ ਤਾਮਿਲਨਾਡੂ 'ਚ ਸਭ ਤੋਂ ਜ਼ਿਆਦਾ 969 ਲੋਕ ਇਨਫੈਕਟਡ ਹਨ ਅਤੇ ਪਿਛਲੇ 24 ਘੰਟਿਆਂ 'ਚ 2 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਮੱਧ ਪ੍ਰਦੇਸ਼ 'ਚ ਵੀ ਇਨਫੈਕਟਡਾਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ, ਜਿੱਥੇ ਸ਼ਨੀਵਾਰ 435 ਇਨਫੈਕਟਡ ਮਾਮਲਿਆਂ ਦਰਜ ਕੀਤੇ ਗਏ ਸੀ ਪਰ 24 ਘੰਟਿਆਂ ਦੌਰਾਨ 100 ਹੋਰ ਮਾਮਲੇ ਵੱਧਣ ਕਾਰਨ 532 ਤੱਕ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ।

Iqbalkaur

This news is Content Editor Iqbalkaur