ਹਾਥਰਸ ਕੇਸ: SIT ਜਾਂਚ ਪੂਰੀ, ਮੀਡੀਆ ਨੂੰ ਪੀੜਤਾ ਦੇ ਪਿੰਡ ''ਚ ਦਾਖ਼ਲ ਹੋਣ ਦੀ ਆਗਿਆ

10/03/2020 2:57:11 PM

ਹਾਥਰਸ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲ ਦੀ ਇਕ ਕੁੜੀ ਨਾਲ ਗੈਂਗਰੇਪ ਤੋਂ ਬਾਅਦ ਉਸ ਦੀ ਮੌਤ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਹਾਥਰਸ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪੀੜਤਾ ਦੇ ਪਿੰਡ 'ਚ ਮੀਡੀਆ ਦੀ ਐਂਟਰੀ 'ਤੇ ਲੱਗੀ ਰੋਕ ਵੀ ਹਟਾ ਲਈ ਹੈ। ਇਕ ਦਿਨ ਪਹਿਲਾਂ ਹੀ ਐੱਸ. ਆਈ. ਟੀ. ਜਾਂਚ ਜਾਰੀ ਰਹਿਣ ਕਾਰਨ ਨੇਤਾਵਾਂ ਸਮੇਤ ਬਾਹਰੀ ਲੋਕਾਂ ਨੂੰ ਕੁੜੀ ਦੇ ਪਰਿਵਾਰ ਨਾਲ ਮੁਲਾਕਾਤ ਲਈ ਜਾਣ ਤੋਂ ਰੋਕ ਦਿੱਤਾ ਗਿਆ ਸੀ। ਸੰਯੁਕਤ ਮੈਜਿਸਟ੍ਰੇਟ ਪ੍ਰੇਮ ਪ੍ਰਕਾਸ਼ ਮੀਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਆਈ. ਟੀ. ਦੀ ਜਾਂਚ ਪੂਰੀ ਹੋ ਗਈ ਹੈ ਅਤੇ ਸਿਰਫ ਮੀਡੀਆ ਨੂੰ ਪਿੰਡ ਵਿਚ ਐਂਟਰੀ ਦੀ ਆਗਿਆ ਦਿੱਤੀ ਗਈ ਹੈ।

ਮੀਣਾ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਪ੍ਰਸ਼ਾਸਨ ਨੇ ਕੁੜੀ ਦੇ ਪਰਿਵਾਰ ਦੀ ਘੇਰਾਬੰਦੀ ਕਰ ਕੇ ਰੱਖੀ ਹੈ ਅਤੇ ਉਨ੍ਹਾਂ ਦੇ ਫੋਨ ਜ਼ਬਤ ਕਰ ਲਏ ਹਨ। ਅਧਿਕਾਰੀਆਂ ਨੇ ਕਿਹਾ ਕਿ ਘਟਨਾ 'ਤੇ ਦੇਸ਼ ਭਰ 'ਚ ਗੁੱਸੇ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਤਿੰਨ ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਸੀ, ਜਿਸ ਨੂੰ 14 ਅਕਤੂਬਰ ਤੱਕ ਰਿਪੋਰਟ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਥਰਸ ਪ੍ਰਸ਼ਾਸਨ ਨੇ ਵੀਰਵਾਰ ਨੂੰ ਸੀ. ਆਰ. ਪੀ. ਸੀ. ਦੀ ਧਾਰਾ-144 ਤਹਿਤ ਕਰਫਿਊ ਲਾਗੂ ਕਰ ਦਿੱਤਾ ਸੀ, ਜਿਸ ਦੇ ਤਹਿਤ ਜ਼ਿਲ੍ਹੇ ਵਿਚ 4 ਜਾਂ ਉਸ ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। 

ਇਹ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ 'ਚ 19 ਸਾਲ ਦੀ ਇਕ ਦਲਿਤ ਲੜਕੀ ਨਾਲ 4 ਵਿਅਕਤੀਆਂ ਵਲੋਂ ਗੈਂਗਰੇਪ ਕੀਤਾ ਗਿਆ ਸੀ। ਬੀਤੇ ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬੁੱਧਵਾਰ ਦੀ ਰਾਤ ਨੂੰ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੀੜਤਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਰਿੰਦਿਆਂ ਨੇ ਪੀੜਤਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ ਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ। ਉਨ੍ਹਾਂ ਦੀ ਧੀ ਨੇ ਮੰਗਲਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਰਾਤ ਦੇ ਸਮੇਂ ਹੀ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਕੀਤਾ। ਫ਼ਿਲਹਾਲ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੀ ਇੱਛਾ ਮੁਤਾਬਕ ਅੰਤਿਮ ਸੰਸਕਾਰ ਕੀਤਾ ਗਿਆ।


Tanu

Content Editor

Related News