ਹਾਥਰਸ ਕੇਸ: ਆਟੋ ਡਰਾਈਵਰ ਨੇ ਚੁੱਕੀ ਸਹੁੰ, ਕਿਹਾ- ਦੋਸ਼ੀਆਂ ਨੂੰ ਫਾਂਸੀ ਮਿਲਣ ਤੱਕ ਪੈਰੀਂ ਨਹੀਂ ਪਾਵਾਂਗਾ ਜੁੱਤੀ

10/03/2020 10:51:07 AM

ਹਾਥਰਸ— ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਨਿਰਭਿਆ ਵਰਗੀ ਦਰਿੰਦਗੀ ਤੋਂ ਦੇਸ਼ ਦੇ ਲੋਕਾਂ ਦਾ ਗੁੱਸਾ ਇਕ ਵਾਰ ਫਿਰ ਫੁਟਿਆ ਪਿਆ ਹੈ। ਦਰਿੰਦਿਆਂ ਨੂੰ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ, ਇੱਥੋਂ ਤੱਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪੁਤਲਿਆਂ ਨੂੰ ਵੀ ਅੱਗ ਲਾਈ ਜਾ ਰਹੀ ਹੈ। ਜਨਤਾ 'ਚ ਗੁੱਸੇ 'ਚ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦੇਣ 'ਚ ਨਿਰਭਿਆ ਕੇਸ ਵਾਂਗ ਦੇਰ ਨਹੀਂ ਹੋਣੀ ਚਾਹੀਦੀ। 

ਹਾਥਰਸ ਗੈਂਗਰੇਪ ਕੇਸ ਦੇ ਵਿਰੋਧ ਪ੍ਰਦਰਸ਼ਨ ਦਰਮਿਆਨ ਹਰਿਆਣਾ ਵਿਚ ਇਕ ਆਟੋ ਡਰਾਈਵਰ ਨੇ ਅਨੋਖਾ ਸੰਕਲਪ ਲਿਆ ਹੈ। ਹਰਿਆਣੇ ਦੇ ਹਿਸਾਰ ਦੇ ਇਕ ਪਿੰਡ ਦੇ ਰਹਿਣ ਵਾਲੇ ਆਟੋ ਡਰਾਈਵਰ ਰਾਜਪਾਲ ਬੁਮਰਾ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਹਾਥਰਸ ਦੇ ਦਰਿੰਦਿਆਂ ਨੂੰ ਫਾਂਸੀ ਨਹੀਂ ਮਿਲ ਜਾਂਦੀ, ਉਦੋਂ ਤੱਕ ਉਹ ਪੈਰਾਂ 'ਚ ਜੁੱਤੀ ਨਹੀਂ ਪਹਿਨਣਗੇ। ਰਾਜਪਾਲ ਦਾ ਕਹਿਣਾ ਹੈ ਕਿ ਉਹ ਬੀਬੀਆਂ ਦਾ ਸਨਮਾਨ ਕਰਨ ਵਾਲੇ ਵਿਅਕਤੀ ਹਨ। ਦੇਸ਼ ਨੂੰ ਇਕ ਵਾਰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਧੀ ਹੁਣ ਪੂਰੇ ਦੇਸ਼ ਦੀ ਧੀ ਬਣ ਚੁੱਕੀ ਹੈ। ਦੇਸ਼ ਉਸ ਲਈ ਸੜਕਾਂ 'ਤੇ ਉਤਰ ਕੇ ਇਨਸਾਫ਼ ਮੰਗ ਰਿਹਾ ਹੈ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬੀਬੀਆਂ ਨਾਲ ਜੁੜੇ ਕਾਨੂੰਨ ਨੂੰ ਹੋਰ ਸਖਤ ਬਣਾਉਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ 'ਤੇ ਆਟੋ ਡਰਾਈਵਰ ਰਾਜਪਾਲ ਨੇ ਸਵਾਰੀਆਂ ਨੂੰ ਮੁਫ਼ਤ ਸੇਵਾ ਦਿੱਤੀ ਸੀ। ਆਟੋ ਡਰਾਈਵਰ ਰੱਖੜੀ 'ਤੇ ਭੈਣਾਂ ਲਈ ਮੁਫ਼ਤ ਆਟੋ ਚਲਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿੰਦਗੀ ਵਿਚ ਕਦੇ ਵੀ ਦਿਵਯਾਂਗ (ਅਪਾਹਜ) ਸਵਾਰੀਆਂ ਤੋਂ ਕਿਰਾਇਆ ਨਹੀਂ ਲਿਆ। ਉਹ ਜ਼ਖਮੀਆਂ ਨੂੰ ਵੀ ਮੁਫ਼ਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਂਦੇ ਹਨ। 

ਇਹ ਹੈ ਪੂਰਾ ਮਾਮਲਾ
14 ਸਤੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ 'ਚ 19 ਸਾਲ ਦੀ ਇਕ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਰਿੰਦਿਆਂ ਨੇ ਪੀੜਤਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਸੀ ਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ। ਪੀੜਤਾ ਨੇ ਮੰਗਲਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।

Tanu

This news is Content Editor Tanu