ਹਰਿਆਣਾ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਅਤੇ ਦੋ ਵਿਧਾਇਕ ਕੋਰੋਨਾ ਪਾਜ਼ੇਟਿਵ

08/24/2020 6:57:32 PM

ਹਰਿਆਣਾ (ਭਾਸ਼ਾ)— ਹਰਿਆਣਾ ਵਿਧਾਨ ਸਭਾ ਸੈਸ਼ਨ 26 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਜਾਂਚ ’ਚ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ। ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਇਹ ਜਾਣਕਾਰੀ ਦਿੱਤੀ। ਵਿਜ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਪੀਕਰ ਕੋਰੋਨਾ ਪਾਜ਼ੇਟਿਵ ਆਏ ਹਨ, ਇਸ ਲਈ ਸੈਸ਼ਨ ਦੀ ਪ੍ਰਧਾਨਗੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਕਰਨਗੇ।


ਵਿਜ ਨੇ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਸਮੇਤ ਸਾਰੇ ਵਿਧਾਇਕਾਂ, ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਮੰਤਰੀਆਂ ਲਈ ਕੋਵਿਡ-19 ਦੀ ਜਾਂਚ ਕਰਾਉਣ ਜ਼ਰੂਰੀ ਕਰ ਦਿੱਤਾ ਗਿਆ ਹੈ। ਜਾਂਚ ਵਿਚ ਨੈਗੇਟਿਵ ਪਾਏ ਜਾਣ ’ਤੇ ਹੀ ਮੈਂਬਰਾਂ ਨੂੰ ਸੈਸ਼ਨ ’ਚ ਸ਼ਾਮਲ ਹੋਣ ਦਿੱਤਾ ਜਾਵੇਗਾ। ਸੈਸ਼ਨ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਦਾ ਕੋਵਿਡ-19 ਨੈਗੇਟਿਵ ਸਰਟੀਫ਼ਿਕੇਟ ਵੈਧ ਮੰਨਿਆ ਜਾਵੇਗਾ। ਇਸ ਤੋਂ ਪੁੁਰਾਣਾ ਸਰਟੀਫ਼ਿਕੇਟ ਹੋਣ ’ਤੇ ਸੈਸ਼ਨ ’ਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸੈਸ਼ਨ ਦੌਰਾਨ ਵਿਧਾਨ ਸਭਾ ਕੰਪਲੈਕਸ ’ਚ ਐਂਟਰੀ ਲਈ ਇਹ ਸਰਟੀਫ਼ਿਕੇਟ ਅਧਿਕਾਰੀਆਂ ਸਮੇਤ ਸਾਰਿਆਂ ਲਈ ਜ਼ਰੂਰੀ ਹੈ।

Tanu

This news is Content Editor Tanu