ਹਰਿਆਣਾ 'ਚ ਰੋਡਵੇਜ਼ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ

10/16/2018 10:53:05 AM

ਹਰਿਆਣਾ— ਹਰਿਆਣਾ 'ਚ ਰੋਡਵੇਜ਼ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਹੈ। ਪ੍ਰਾਈਵੇਟ ਬੱਸਾਂ ਨੂੰ ਰੋਡਵੇਜ਼ 'ਚ ਸ਼ਾਮਲ ਕਰਨ ਦੇ ਵਿਰੋਧ 'ਚ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ। 15-16 ਦੀ ਅੱਧੀ ਰਾਤ 12 ਵਜੇ ਤੋਂ ਹੀ ਰੋਡਵੇਜ਼ ਕਰਮਚਾਰੀਆਂ ਨੇ ਬੱਸਾਂ ਦੇ ਪਹੀਏ ਰੋਕ ਦਿੱਤੇ ਹਨ। ਸਵੇਰੇ ਤੋਂ ਆ ਰਹੀਆਂ ਖਬਰਾਂ ਮੁਤਾਬਕ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। 
ਦੱਸ ਦਈਏ ਕਿ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਖੱਟੜ ਸਰਕਾਰ ਦੀ ਪ੍ਰਤੀਕਿਲੋਮੀਟਰ ਸਕੀਮ ਤਹਿਤ 720 ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੀ ਯੋਜਨਾ ਤੋਂ ਨਾਰਾਜ਼ ਚੱਲ ਰਹੇ ਹਨ। ਕਰਮਚਾਰੀ ਚਾਹੁੰਦੇ ਹਨ ਕਿ ਇਹ ਸਕੀਮ ਲਾਗੂ ਨਾ ਕੀਤੀ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਨਿਜੀਕਰਨ ਨੂੰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬੰਦ ਹੋ ਜਾਣਗੇ। 

 

ਰੋਹਤਕ- ਰੋਹਤਕ 'ਚ ਸਵਾਰੀਆਂ ਨੂੰ ਪਰੇਸ਼ਾਨੀ ਨਾ ਆਵੇ, ਇਸ ਲਈ ਪ੍ਰਾਈਵੇਟ ਬੱਸਾਂ ਨੇ ਕਮਾਨ ਸੰਭਾਲ ਰੱਖੀ ਹੈ। ਰੋਡਵੇਜ਼ ਦੀਆਂ ਬੱਸਾਂ ਨੂੰ ਸੜਕਾਂ 'ਤੇ ਉਤਾਰਨ ਦਾ ਹੜਤਾਲੀ ਕਰਮਚਾਰੀਆਂ ਨੇ ਵਿਰੋਧ ਵੀ ਕੀਤਾ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।

ਯਮੁਨਾਨਗਰ- ਯਮੁਨਾਨਗਰ 'ਚ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਦਿਖਾਈ ਦੇ ਰਿਹਾ ਹੈ। ਕਈ ਸੇਵਾਵਾਂ ਰੁੱਕੀਆਂ ਜ਼ਰੂਰ ਹੋਈਆਂ ਹਨ ਪਰ ਫਿਰ ਵੀ ਰੋਡਵੇਜ਼ ਪ੍ਰਸ਼ਾਸਨ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਹੁਣ ਤੱਕ 8 ਬੱਸਾਂ ਚਲਾਈਆਂ ਗਈਆਂ ਹਨ। 
ਟੋਹਾਨਾ- ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਟੋਹਾਨਾ 'ਚ ਸਫਲ ਰਹੀ। ਸਵੇਰੇ ਤੋਂ ਹੀ ਕਰਮਚਾਰੀ ਬੱਸ ਸਟੈਂਡ ਦੇ ਬਾਹਰ ਧਰਨੇ 'ਤੇ ਬੈਠੇ ਹੋਏ ਹਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਹੜਤਾਲ ਦੇ ਚੱਲਦੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ ਦਿੱਸ ਰਿਹਾ ਹੈ।
 


ਸਿਰਸਾ- ਸਿਰਸਾ 'ਚ ਰੋਡਵੇਜ਼ ਕਰਮਚਾਰੀਆਂ ਦਾ ਚੱਕਾ ਜ਼ਾਮ ਬੇਅਸਰ ਰਿਹਾ। ਸਿਰਸਾ ਡਿਪੋ ਤੋਂ ਹਰਿਆਣਾ ਰੋਡਵੇਜ਼ ਦੀ ਪਹਿਲੀ ਬੱਸ 2.20 ਮਿੰਟ 'ਤੇ ਚੰਡੀਗੜ੍ਹ ਲਈ ਰਵਾਨਾ ਹੋਈ।
ਨਰਵਾਣਾ- ਨਰਵਾਣਾ 'ਚ ਵੀ ਰੋਡਵੇਜ਼ ਹੜਤਾਲ ਪੂਰੀ ਨਾਲ ਸਫਲ ਦਿਖਾਈ ਦੇ ਰਹੀ ਹੈ। ਰੋਡਵੇਜ਼ ਕਰਮਚਾਰੀਆਂ ਨੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਵਿਰੋਧ ਕੀਤਾ।
ਹਿਸਾਰ- ਪੂਰੇ ਪ੍ਰਦੇਸ਼ ਭਰ 'ਚ ਰੋਡਵੇਜ਼ ਕਰਮਚਾਰੀ 2 ਦਿਨ ਦੀ ਹੜਤਾਲ 'ਤੇ ਹੈ। ਹਿਸਾਰ 'ਚ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਦਿਸ ਰਿਹਾ ਹੈ। ਹਿਸਾਰ ਡਿਪੋ ਤੋਂ ਕੋਈ ਵੀ ਰੋਡਵੇਜ਼ ਦੀ ਬੱਸ ਚੱਲਣ ਨਹੀਂ ਦਿੱਤੀ ਗਈ ਹੈ।