ਅੰਮ੍ਰਿਤਪਾਲ ਦੀ ਆਖ਼ਰੀ ਲੋਕੇਸ਼ਨ ਕੁਰੂਕਸ਼ੇਤਰ ''ਚ ਮਿਲੀ, ਹਰਿਆਣਾ ਪੁਲਸ ਚੌਕਸ

03/24/2023 3:18:22 PM

ਹਰਿਆਣਾ (ਭਾਸ਼ਾ)- ਹਰਿਆਣਾ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੱਖਵਾਦੀ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਟਿਕਾਣਾ (ਲੋਕੇਸ਼ਨ) ਕੁਰੂਕਸ਼ੇਤਰ ਜ਼ਿਲ੍ਹੇ 'ਚ ਮਿਲਣ ਤੋਂ ਬਾਅਦ ਪੂਰੇ ਸੂਬੇ 'ਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੁਲਸ ਕਰਮੀਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਹਾਲਾਂਕਿ ਅੰਮ੍ਰਿਤਪਾਲ ਅਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੂੰ 19 ਮਾਰਚ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ 'ਚ ਇਕ ਔਰਤ ਨੇ ਆਪਣੇ ਘਰ 'ਚ ਸ਼ਰਨ ਦਿੱਤੀ ਸੀ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਸੀ,''ਜਿਵੇਂ ਹੀ ਸਾਨੂੰ ਜਾਣਕਾਰੀ ਮਿਲੀ ਕਿ ਉਹ ਪੰਜਾਬ ਤੋਂ ਬਾਹਰ ਦੌੜ ਗਿਆ ਹੈ, ਅਸੀਂ ਤੁਰੰਤ ਹੋਰ ਸੂਬਿਆਂ ਨੂੰ ਚੌਕਸ ਕਰ ਦਿੱਤਾ।'' ਹਰਿਆਣਾ ਦੀ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਮਮਤਾ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅੰਮ੍ਰਿਤਪਾਲ ਸ਼ਾਹਾਬਾਦ ਤੋਂ ਕਿੱਥੇ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹਰਿਆਣਾ ਦੇ ਇਸ ਘਰ 'ਚ ਲਈ 2 ਦਿਨ ਪਨਾਹ

ਉਨ੍ਹਾਂ ਨੇ ਕਿਹਾ,''ਅਜੇ ਤੱਕ ਕੋਈ ਹੋਰ ਜਾਣਕਾਰੀ ਨਹੀਂ ਹੈ। ਹਾਲਾਂਕਿ ਅਸੀਂ ਚੌਕਸ ਹਾਂ ਅਤੇ ਨਜ਼ਰ ਰੱਖ ਰਹੇ ਹਾਂ।'' ਅੰਮ੍ਰਿਤਪਾਲ ਅਤੇ ਉਸ ਦੇ ਸਹਿਯੋਗੀ ਨੂੰ ਕੁਰੂਕਸ਼ੇਤਰ ਜ਼ਿਲ੍ਹੇ 'ਚ ਆਪਣੇ ਘਰ ਸ਼ਰਨ ਦਣ ਵਾਲੀ ਔਰਤ ਬਲਜੀਤ ਕੌਰ ਨੂੰ ਵੀਰਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੰਜਾਬ ਪੁਲਸ ਕੌਰ ਤੋਂ ਪੁੱਛ-ਗਿੱਛ ਕਰ ਰਹੀ ਹੈ। ਐਡੀਸ਼ਨਲ ਡੀਜੀਪੀ (ਕਾਨੂੰਨ ਵਿਵਸਥਾ) ਮਮਤਾ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਸ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਹਿਯੋਗੀ ਨੂੰ ਸ਼ਰਨ ਦੇਣ ਵਾਲੀ ਔਰਤ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਇਸ ਨੂੰ ਪੰਜਾਬ 'ਚ ਆਪਣੇ ਹਮਰੁਤਬਾ ਨਾਲ ਸਾਂਝਾ ਕੀਤਾ। ਵੀਰਵਾਰ ਨੂੰ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ, ਜਿਸ 'ਚ ਅੰਮ੍ਰਿਤਪਾਲ ਨੂੰ ਹਰਿਆਣਾ ਦੇ ਸ਼ਾਹਾਬਾਦ 'ਚ ਦੇਖਿਆ ਗਿਆ। ਹਰਿਆਣਾ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਬਾਅਦ 'ਚ ਇਕ ਹੋਰ ਫੁਟੇਜ ਵੀ ਸਾਹਮਣੇ ਆਇਆ, ਜੋ 20 ਮਾਰਚ ਦਾ ਹੈ। ਇਸ 'ਚ ਛੱਤਰੀ ਨਾਲ ਅੰਮ੍ਰਿਤਪਾਲ ਨੂੰ ਸ਼ਾਹਾਬਾਦ ਬੱਸ ਸਟੈਂਡ ਦੇ ਸਾਹਮਣੇ ਇਕ ਸੜਕ 'ਤੇ ਦੇਖਿਆ ਜਾ ਸਕਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha