6 ਕਰੋੜ ਦੀ ਆਈਸ ਨਾਲ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਸਣੇ 3 ਗ੍ਰਿਫਤਾਰ

01/22/2018 11:39:40 AM

ਮੋਹਾਲੀ - ਮੋਹਾਲੀ ਐੱਸ. ਟੀ. ਐੱਫ. ਦੀ ਟੀਮ ਨੇ ਹਰਿਆਣਾ ਦੇ ਇਕ ਸਬ-ਇੰਸਪੈਕਟਰ ਸਮੇਤ 3 ਵਿਅਕਤੀਆਂ ਨੂੰ 1 ਕਿਲੋ ਆਈਸ ਮੈਥਾਫੈਟਾਮਾਈਨ ਨਾਲ ਗ੍ਰਿਫਤਾਰ ਕੀਤਾ ਹੈ, ਜਿਸ ਦੀ ਕੀਮਤ ਲਗਭਗ 6 ਕਰੋੜ ਮੰਨੀ ਜਾ ਰਹੀ ਹੈ। 
ਤਿੰਨਾਂ ਮੁਲਜ਼ਮਾਂ ਨੂੰ ਐਤਵਾਰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਤਿੰਨਾਂ ਦੀ ਪਛਾਣ ਹਰਿਆਣਾ ਦੇ ਜ਼ਿਲਾ ਮਹਿੰਦਰਗੜ੍ਹ ਦੇ ਪਿੰਡ ਅਹੀਰ ਦੇ ਪਵਨ ਕੁਮਾਰ (ਸਬ-ਇੰਸਪੈਕਟਰ), ਅਜੈ ਕੁਮਾਰ ਤੇ ਕਰਮਜੀਤ ਸਿੰਘ ਵਜੋਂ ਹੋਈ ਹੈ।  ਐੱਸ. ਟੀ. ਐੱਫ. ਦੇ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਨੰਬਰ ਦੀ ਗੱਡੀ ਜ਼ਰੀਏ ਕੁਝ ਲੋਕ ਪੰਜਾਬ 'ਚ ਡਰੱਗਸ ਦੀ ਸਪਲਾਈ ਕਰਨ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਸ਼ਨੀਵਾਰ ਦੇਰ ਸ਼ਾਮ ਪਟਿਆਲਾ-ਢਕਾਲਾ ਰੋਡ 'ਤੇ ਨਾਕਾਬੰਦੀ ਕਰ ਦਿੱਤੀ ਗਈ। ਇਸ ਦੌਰਾਨ ਹਰਿਆਣਾ ਨੰਬਰ ਦੀ ਇਕ ਗੱਡੀ ਆਈ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁਲਸ ਨੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿੱਲੋ ਆਈਸ ਮੈਥਾਫੈਟਾਮਾਈਨ ਬਰਾਮਦ ਹੋਈ।  
ਐੱਸ. ਟੀ. ਐੱਫ. ਅਨੁਸਾਰ ਹੁਣ ਤਕ ਦੀ ਪੁੱਛਗਿਛ ਵਿਚ ਮੁਲਜ਼ਮ ਸਬ-ਇੰਸਪੈਕਟਰ ਪਵਨ ਨੇ ਖੁਦ ਨੂੰ ਹਰਿਆਣਾ ਪੁਲਸ ਦੀ ਆਈ. ਆਰ. ਬੀ. ਵਿਚ ਤਾਇਨਾਤ ਦੱਸਿਆ ਹੈ। ਜਿਸ ਤੋਂ ਬਾਅਦ ਉਥੋਂ ਦਾ ਪਤਾ ਹਾਸਲ ਕਰਕੇ ਉਥੇ ਪਵਨ ਕੁਮਾਰ ਸਬੰਧੀ ਸੂਚਨਾ ਦਿੱਤੀ ਜਾਵੇਗੀ। ਉਥੇ ਹੀ ਐੱਸ. ਟੀ. ਐੱਫ. ਹੁਣ ਪਵਨ ਦਾ ਪਿਛਲਾ ਰਿਕਾਰਡ ਵੀ ਜਾਂਚਣ 'ਚ ਜੁਟ ਗਈ ਹੈ।