ਹਰਿਆਣਾ: ਮੋਬਾਈਲ ਇੰਟਰਨੈਟ ਸੇਵਾ 3 ਦਿਨਾਂ ਲਈ ਬੰਦ, ਜਾਣੋ ਵਜ੍ਹਾ

02/27/2023 11:14:12 AM

ਚੰਡੀਗੜ੍ਹ (ਬਾਂਸਲ)- ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਤੁਰੰਤ ਆਰਜ਼ੀ ਤੌਰ ’ਤੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਹੁਕਮ ਮਗਰੋਂ ਇੰਟਰਨੈੱਟ ਸੇਵਾਵਾਂ 26 ਫਰਵਰੀ ਤੋਂ 28 ਫਰਵਰੀ ਨੂੰ ਰਾਤ 12 ਵਜੇ ਤਕ ਬੰਦ ਰਹਿਣਗੀਆਂ। ਸਰਕਾਰ ਨੇ ਇਹ ਨਿਰਦੇਸ਼ ਗਊ ਰੱਖਿਅਕਾਂ ਵਲੋਂ ਰਾਜਸਥਾਨ ਦੇ ਦੋ ਨੌਜਵਾਨਾਂ ਜ਼ੁਨੈਦ ਅਤੇ ਨਾਸਿਰ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਕਤਲ ਖ਼ਿਲਾਫ਼ ਅਤੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਦਿੱਤਾ ਹੈ।

ਇਹ ਵੀ ਪੜ੍ਹੋ : ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨੂਹ ਵਿਚ ਫਿਰਕੂ ਤਣਾਅ ਅਤੇ ਸਮਾਜਿਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ SMS ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ 3 ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਨੂਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਤੇ ਬੀਤੇ ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਫਿਰੋਜ਼ਪੁਰ ਝਿਰਕਾ 'ਚ ਨੂਹ-ਅਲਵਰ ਹਾਈਵੇਅ ਨੂੰ ਠੱਪ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀ ਰਾਜਸਥਾਨ ਦੇ ਭਰਤਪੁਰ ਤੋਂ ਦੋ ਨੌਜਵਾਨਾਂ ਨੂੰ ਅਗਵਾ ਕਰ ਕੇ ਹਰਿਆਣਾ ਦੇ ਭਿਵਾਨੀ ਵਿਚ ਲਿਆ ਕੇ ਕਤਲ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। 

ਇਹ ਵੀ ਪੜ੍ਹੋ- ਹਰਿਆਣਾ 'ਚ ਜ਼ਿੰਦਾ ਸਾੜੇ ਗਏ ਦੋ ਨੌਜਵਾਨਾਂ ਦਾ ਮਾਮਲਾ; ਰਾਜਸਥਾਨ ਪੁਲਸ ਨੇ 6 ਲੋਕਾਂ ਨੂੰ ਲਿਆ ਹਿਰਾਸਤ 'ਚ

ਕੀ ਹੈ ਪੂਰਾ ਮਾਮਲਾ-

ਦੱਸਣਯੋਗ ਹੈ ਕਿ 15 ਫਰਵਰੀ ਦੀ ਰਾਤ ਬੋਲੈਰੋ ਗੱਡੀ ਦੇ ਅੰਦਰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਘਾਟਮਿਕਾ ਪਿੰਡ ਦੇ ਨਾਸਿਰ ਅਤੇ ਜ਼ੁਨੈਦ ਨਾਮ ਦੇ ਦੋ ਨੌਜਵਾਨਾਂ ਨੂੰ ਅਗਵਾ ਕਰ ਕੇ ਜ਼ਿੰਦਾ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। 16 ਫਰਵਰੀ ਦੀ ਸਵੇਰੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੇ ਇਸ ਕਤਲਕਾਂਡ ਦੀ ਸੂਚਨਾ ਲੋਹਾਰੂ ਪੁਲਸ ਨੂੰ ਦਿੱਤੀ ਸੀ।  ਇਸ ਕਤਲਕਾਂਡ ਦੇ ਕਈ ਦਿਨ ਬੀਤ ਜਾਣ ਮਗਰੋਂ ਵੀ ਪੁਲਸ ਪੂਰੇ ਮਾਮਲੇ ਵਿਚ ਦੋਸ਼ੀਆਂ ਦੀ ਭੂਮਿਕਾ ਤੋਂ ਪਰਦਾ ਨਹੀਂ ਚੁੱਕ ਸਕੀ। ਕਤਲਕਾਂਡ ਵਿਚ 8 ਲੋਕਾਂ ਦੇ ਨਾਂ ਉਜਾਗਰ ਹੋਏ ਹਨ ਪਰ ਅਜੇ ਤੱਕ ਪੁਲਸ ਦੋਸ਼ੀਆਂ ਨੂੰ ਫੜ ਨਹੀਂ ਸਕੀ ਹੈ। 

Tanu

This news is Content Editor Tanu