ਮਾਪਿਆਂ ਦੀ ਖੁਸ਼ੀ ਲਈ ਧੀ ਨੇ ਛੱਡਿਆ ਕੈਨੇਡਾ, ਆਪਣੇ ਦੇਸ਼ 'ਚ ਉਡਾਏਗੀ 'ਜਹਾਜ਼'

01/21/2019 6:11:27 PM

ਸੋਨੀਪਤ— ਮਾਪੇ ਬੱਚਿਆਂ ਦੀ ਖੁਸ਼ੀ ਲਈ ਕੀ ਕੁਝ ਨਹੀਂ ਕਰਦੇ। ਆਪਣੀਆਂ ਇੱਛਾਵਾਂ ਨੂੰ ਮਾਰ ਕੇ ਮਾਪੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹਨ ਪਰ ਜੇਕਰ ਬੱਚੇ ਮਾਪਿਆਂ ਲਈ ਕੁਝ ਕਰਨ ਤਾਂ ਇਹ 'ਸੋਨੇ 'ਤੇ ਸੁਹਾਗੇ' ਵਾਲੀ ਗੱਲ ਹੋ ਜਾਂਦੀ ਹੈ। ਆਪਣੇ ਮਾਪਿਆਂ ਦੀ ਖੁਸ਼ੀ ਲਈ ਕੁਝ ਅਜਿਹਾ ਹੀ ਕਰ ਦਿਖਾਇਆ ਹੈ ਹਰਿਆਣਾ ਦੀ ਬੇਟੀ ਨੇ। ਸੋਨੀਪਤ ਦੇ ਪਿੰਡ ਮੁਕੀਮਪੁਰ ਦੀ ਬੇਟੀ ਮੀਨਾ ਆਂਤਿਲ ਨੇ ਵਿਦੇਸ਼ੀ ਧਰਤੀ ਕੈਨੇਡਾ ਨੂੰ ਛੱਡ ਕੇ ਹੁਣ ਆਪਣੇ ਦੇਸ਼ ਵਿਚ ਨੌਕਰੀ ਕਰੇਗੀ। ਮੀਨਾ ਅਮਰੀਕਾ ਵਿਚ ਪੜ੍ਹਾਈ ਕਰਨ ਮਗਰੋਂ ਕੈਪਟਨ ਬਣ ਗਈ ਅਤੇ ਉਹ ਕੈਨੇਡਾ ਵਿਚ ਨੌਕਰੀ ਕਰ ਕੇ ਜਹਾਜ਼ ਉਡਾਉਣ ਲੱਗੀ ਸੀ ਪਰ ਉਸ ਦੇ ਮਾਤਾ-ਪਿਤਾ ਦਾ ਸੁਪਨਾ ਸੀ ਕਿ ਬੇਟੀ ਆਪਣੇ ਦੇਸ਼ ਵਿਚ ਆ ਕੇ ਨੌਕਰੀ ਕਰੇ ਤਾਂ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਮੀਨਾ ਨੇ ਕੈਨੇਡਾ ਵਿਚ ਨੌਕਰੀ ਛੱਡ ਦਿੱਤੀ। ਹੁਣ ਉਹ ਆਪਣੇ ਹੀ ਦੇਸ਼ ਵਿਚ ਜਹਾਜ਼ ਉਡਾਏਗੀ, ਜਿਸ ਲਈ ਉਸ ਨੇ ਪ੍ਰਾਈਵੇਟ ਏਅਰਲਾਈਨਜ਼ ਵਿਚ ਕੈਪਟਨ ਦਾ ਅਹੁਦਾ ਜੁਆਇਨ ਕਰ ਲਿਆ ਹੈ। 



ਮੀਨਾ ਐਤਵਾਰ ਨੂੰ ਪਿੰਡ ਪਹੁੰਚੀ ਤੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮੀਨਾ ਦੇ ਮਾਤਾ-ਪਿਤਾ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਨ੍ਹਾਂ ਨੇ ਆਪਣੀ ਬੇਟੀ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਮਠਿਆਈ ਵੰਡੀ। ਉਨ੍ਹਾਂ ਨੇ ਕਿਹਾ ਕਿ ਹਰ ਧੀ ਅਜਿਹੀ ਹੀ ਹੋਣੀ ਚਾਹੀਦੀ ਹੈ, ਜੋ ਆਪਣੇ ਮਾਂ-ਬਾਪ ਦੇ ਨਾਲ-ਨਾਲ ਪਿੰਡ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ। ਓਧਰ ਮੀਨਾ ਨੇ ਕਿਹਾ ਕਿ ਪਿਤਾ ਮਹਾਵੀਰ ਆਂਤਿਲ ਅਤੇ ਮਾਂ ਸੁਨੀਤਾ ਆਂਤਿਲ ਦੇ ਸਹਿਯੋਗ ਨਾਲ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਮਾਪਿਆਂ ਨੇ ਉਸ ਨੂੰ ਪੜ੍ਹਣ ਲਈ ਅਮਰੀਕਾ ਭੇਜਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕੈਨੇਡਾ ਚੱਲੀ ਗਈ, ਜਿੱਥੇ ਉਹ ਨੌਕਰੀ ਕਰ ਰਹੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਏਅਰਲਾਈਨਜ਼ ਵਿਚ ਜਾਵੇ। ਉਸ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਾਤਾ-ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ।

Tanu

This news is Content Editor Tanu