CM ਖੱਟੜ ਦਾ ਵਿਵਾਦਿਤ ਬਿਆਨ, ਬਾਂਦਰ ਨਾਲ ਕੀਤੀ ਕੇਜਰੀਵਾਲ ਦੀ ਤੁਲਨਾ

01/30/2020 2:49:42 PM

ਨਵੀਂ ਦਿੱਲੀ/ਚੰਡੀਗੜ੍ਹ—ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਤੋਂ ਬਾਅਦ ਭਾਜਪਾ ਦੇ ਇਕ ਹੋਰ ਨੇਤਾ ਦਾ ਨਾਂ ਵਿਵਾਦਿਤ ਬਿਆਨ ਦੇਣ ਵਾਲੀ ਲਿਸਟ 'ਚ ਸ਼ਾਮਲ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਮਨੋਹਰ ਲਾਲ ਖੱਟੜ ਨੇ ਦਿੱਲੀ ਚੋਣਾਂ 'ਚ ਪ੍ਰਚਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਖਿਲਾਫ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਹੈ। ਕੇਜਰੀਵਾਲ ਨੂੰ 'ਡਰਾਮੇਬਾਜ਼' ਕਹਿੰਦੇ ਹੋਏ ਮਨੋਹਰ ਲਾਲ ਖੱਟੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ 'ਬਾਂਦਰ' ਨਾਲ ਕੀਤੀ ਹੈ।

ਖੱਟੜ ਨੇ ਦਿੱਲੀ ਸਰਕਾਰ ਦੇ ਸ਼ੁਰੂਆਤੀ ਕਾਰਜਕਾਲ ਦੀ ਚਰਚਾ ਕਰਦੇ ਹੋਏ ਕਿਹਾ, ''ਦਿੱਲੀ 'ਚ ਬਾਂਦਰ ਦੇ ਹੱਥ 'ਚ ਉਸਤਰਾ ਲੱਗ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੇ ਦਿੱਲੀ ਵਾਸੀਆਂ ਦਾ ਕੰਮ ਤਮਾਮ ਕਰੇਗਾ। ਦੱਸ ਦੇਈਏ ਕਿ ਖੱਟੜ ਤਿਲਕ ਨਗਰ ਤੋਂ ਭਾਜਪਾ ਉਮੀਦਵਾਰ ਰਾਜੀਵ ਬੱਬਰ ਦੇ ਸਮਰਥਨ 'ਚ ਸਭਾ 'ਚ ਭਾਗ ਲੈਣ ਪਹੁੰਚੇ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੇ 2 ਹੋਰ ਨੇਤਾ ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਵੀ ਦਿੱਲੀ ਚੋਣਾਂ ਦੌਰਾਨ ਨਫਰਤ ਭਰੇ ਬਿਆਨ ਦੇ ਚੁੱਕੇ ਹਨ। ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਦੋਵਾਂ ਸੰਸਦ ਮੈਂਬਰਾਂ ਦੇ ਨਾਂ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ 'ਚੋਂ ਹਟਾ ਦਿੱਤੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ 'ਚ ਭਾਜਪਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਚਾਲੇ ਮੁੱਖ ਮੁਕਾਬਲਾ ਹੈ। ਭਾਜਪਾ ਨੇ 67 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ ਜਦਕਿ 3 ਸੀਟਾਂ ਉਸ ਦੇ ਸਹਿਯੋਗੀ ਐੱਲ.ਜੇ.ਪੀ ਅਤੇ ਜੇ.ਡੀ.ਯੂ ਚੋਣ ਲੜ੍ਹ ਰਹੇ ਹਨ। ਸਾਲ 2015 'ਚ ਚੋਣਾਂ ਦੌਰਾਨ ਭਾਜਪਾ ਸਿਰਫ 3 ਹੀ ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ ਸੀ। ਹੁਣ ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ।

Iqbalkaur

This news is Content Editor Iqbalkaur