ਪਤਨੀ ਪ੍ਰੇਮੀ ਨਾਲ ਹੋਈ ਫਰਾਰ ਤਾਂ ਗਮ ਨਹੀਂ ਸਹਾਰ ਸਕਿਆ ਪਤੀ, ਦੋ ਮਾਸੂਮ ਬੱਚਿਆਂ ਨਾਲ ਲਿਆ ਫਾਹਾ
08/01/2021 2:21:36 PM
ਹਰਿਆਣਾ— ਹਰਿਆਣਾ ਦੇ ਇੰਦਰੀ ਸ਼ਹਿਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਅਤੇ ਫਿਰ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਦੀ ਪਤਨੀ ਪਿੰਡ ਦੇ ਇਕ ਨੌਜਵਾਨ ਨਾਲ ਫਰਾਰ ਹੋ ਗਈ, ਜਿਸ ਤੋਂ ਬਾਅਦ ਦੁਖੀ ਪਤੀ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਇਸ ਘਟਨਾ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੰਬਰਦਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਸੁਖਵਿੰਦਰ ਦੀ ਪਤਨੀ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਫਰਾਰ ਹੋ ਗਈ। ਇਸ ਘਟਨਾ ਤੋਂ ਸੁਖਵਿੰਦਰ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਇਸ ਦੇ ਚੱਲਦੇ ਉਸ ਨੇ ਆਪਣੀ 6 ਸਾਲ ਦੀ ਧੀ ਅਤੇ 3 ਸਾਲ ਦੇ ਪੁੱਤਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਅਤੇ ਖ਼ੁਦ ਵੀ ਫੰਦੇ ਨਾਲ ਲਟਕ ਗਿਆ। ਤਿੰਨਾਂ ਦੀ ਮੌਕੇ ’ਤੇ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਘਟਨਾ ਕਾਰਨ ਪਿੰਡ ’ਚ ਸੰਨਾਟਾ ਪਸਰਿਆ ਹੋਇਆ ਹੈ। ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕਰ ਰਹੀ ਹੈ। ਮਿ੍ਰਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।