ਲੋਕ ਸਭਾ 'ਚ ਸੰਬੋਧਨ ਦੌਰਾਨ ਹਰਸਿਮਰਤ ਬਾਦਲ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਚੁੱਕੇ ਇਹ ਮੁੱਦੇ

09/18/2023 8:46:55 PM

ਨਵੀਂ ਦਿੱਲੀ/ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਸੰਸਦ ਸਰਬਸੰਮਤੀ ਨਾਲ ਮਤਾ ਪਾਸ ਕਰਕੇ 1984 ਦੇ ਕਤਲੇਆਮ ਦੀ ਨਿੰਦਾ ਕਰੇ ਤੇ ਉਨ੍ਹਾਂ ਪੁਰਾਣੀ ਸੰਸਦੀ ਇਮਾਰਤ ਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਭਾਰਤ ਵਿੱਚ ਲੋਕਤੰਤਰ ਦੀ ਨੀਂਹ ਰੱਖੀ ਨੂੰ ਸਮਰਪਿਤ ਕਰਨ ਦੀ ਗੱਲ ਆਖੀ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਲੋਕ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕੀਤੀ ਜਾਵੇ ਤੇ ਇਸ ਨੂੰ ਪਾਸ ਕਰਕੇ ਮਹਿਲਾ ਸਸ਼ਕਤੀਕਰਨ ਵਾਸਤੇ ਕੰਮ ਕੀਤਾ ਜਾਵੇ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਸੰਸਦ 'ਚ ਭਾਰਤੀ ਪਾਰਲੀਮਾਨੀ ਲੋਕਤੰਤਰ ਦੇ ਮੌਜੂਦਾ ਸਰੂਪ ’ਤੇ ਚਰਚਾ 'ਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਵੇਖਿਆ ਹੈ ਕਿ 1984 'ਚ ਕਿਵੇਂ ਘੱਟ ਗਿਣਤੀਆਂ ਤੇ ਧਾਰਮਿਕ ਘੱਟ ਗਿਣਤੀਆਂ ਦਾ ਕਤਲੇਆਮ ਹੋਇਆ। ਕਿਵੇਂ ਕਾਂਗਰਸ ਪਾਰਟੀ ਨੇ ਕੌਮੀ ਰਾਜਧਾਨੀ ਦੇ ਨਾਲ-ਨਾਲ ਦੇਸ਼ ਦੇ ਹੋਰ ਭਾਗਾਂ 'ਚ ਸਿੱਖਾਂ ਦਾ ਕਤਲੇਆਮ ਕਰਵਾ ਕੇ ਸਮੁੱਚੀ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕ ਤੇ ਤੋਪਾਂ ਭੇਜੀਆਂ ਤੇ ਉਨ੍ਹਾਂ ਨੂੰ ਤਬਾਹ ਕੀਤਾ।

ਬੀਬਾ ਬਾਦਲ ਨੇ ਸਰਕਾਰ ਵੱਲੋਂ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਿੱਖ ਕੌਮ ਨਾਲ ਨਿਆਂ ਨੂੰ ਯਕੀਨੀ ਕੀਤਾ ਹੁੰਦਾ ਤਾਂ ਮਣੀਪੁਰ ਦੀਆਂ ਘਟਨਾਵਾਂ ਵਰਗੀਆਂ ਹੋਰ ਤ੍ਰਾਸਦੀਆਂ ਨੂੰ ਰੋਕਿਆ ਜਾ ਸਕਦਾ ਸੀ। ਬੀਬਾ ਬਾਦਲ ਨੇ ਸੰਸਦ ਦੀ ਪੁਰਾਣੀ ਇਮਾਰਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ ਦੀ ਰਾਖੀ ਵਾਸਤੇ ਕੰਮ ਕੀਤਾ ਸੀ। ਗੁਰੂ ਸਾਹਿਬ ਵੱਲੋਂ ਕਸ਼ਮੀਰੀ ਹਿੰਦੂ ਭਾਈਚਾਰੇ ਦੀ ਜਬਰੀ ਧਰਮ ਪਰਿਵਰਤਨ ਤੋਂ ਰਾਖੀ ਵਾਸਤੇ ਦਿੱਤੀ ਸ਼ਹਾਦਤ ਨੇ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਦਾ ਨੀਂਹ ਪੱਥਰ ਰੱਖਿਆ।

ਇਹ ਵੀ ਪੜ੍ਹੋ : Breaking News: ਮੋਗਾ 'ਚ ਬਲਾਕ ਕਾਂਗਰਸ ਪ੍ਰਧਾਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ

ਸੀਨੀਅਰ ਅਕਾਲੀ ਆਗੂ ਨੇ ਮਹਿਲਾ ਰਾਖਵਾਂਕਰਨ ’ਤੇ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਨੂੰ ਮਹਿਲਾ ਸਸ਼ਕਤੀਕਰਨ ਦੇ ਮਾਮਲੇ 'ਚ ਬਿੱਲ ਮੂਲ ਰੂਪ ਵਿੱਚ ਪਾਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਰਭਯਾ, ਮਹਿਲਾ ਪਹਿਲਵਾਨਾਂ ਤੇ ਮਣੀਪੁਰ ਦੀਆਂ ਔਰਤਾਂ ਦੇ ਮਾਮਲੇ 'ਚ ਮਹਿਲਾ ਹੱਕਾਂ ਨੂੰ ਕੁਚਲਿਆ ਗਿਆ ਹੈ। ਪਿਛਲੀਆਂ ਪਾਰਲੀਮਾਨੀ ਚੋਣਾਂ 'ਚ ਔਰਤਾਂ ਦੀ ਹਿੱਸੇਦਾਰੀ 67 ਫੀਸਦੀ ਸੀ ਤੇ ਉਨ੍ਹਾਂ ਦੀ ਆਵਾਜ਼ ਸੰਸਦ ਵਿੱਚ ਸੁਣੀ ਜਾਣੀ ਚਾਹੀਦੀ ਹੈ।

ਬੀਬਾ ਬਾਦਲ ਨੇ ਇਹ ਵੀ ਮੁੱਦਾ ਚੁੱਕਿਆ ਕਿ ਇਸ ਵੇਲੇ ਕਿਸਾਨਾਂ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀਆਂ ਵੱਲੋਂ ਖੁਦਕੁਸ਼ੀਆਂ ਕਰਨ ਦੀ ਦਰ ਸਿਖ਼ਰਾਂ ’ਤੇ ਹੈ। ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਪਰ ਉਹ ਆਪਣਾ ਵਾਅਦਾ ਪੁਗਾਉਣ ਵਿੱਚ ਅਸਫਲ ਸਾਬਤ ਹੋਈ ਹੈ। ਕਿਸਾਨਾਂ ਨੂੰ ਆਪਣੀਆਂ ਜੇਬਾਂ ਵਿੱਚ ਪੈਸੇ ਦੀ ਲੋੜ ਹੈ, ਨਾ ਕਿ ਥੋਥੇ ਵਾਅਦਿਆਂ ਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਸ ਕਰਕੇ ਸੰਘਰਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਪਿਛਲੇ 50 ਸਾਲਾਂ ਤੋਂ ਦੇਸ਼ ਦੇ ਅੰਨ ਭੰਡਾਰ ਭਰੇ ਪਰ ਹੁਣ ਉਹ ਸੰਕਟ ਵਿੱਚ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ੇਸ਼ ਸੈਸ਼ਨ ਦੌਰਾਨ ਬੁਲਾਈ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ

ਉਨ੍ਹਾਂ ਆਪਣੇ ਭਾਸ਼ਣ ਦਾ ਹਿੱਸਾ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ ਨੇ ਤਿੰਨ ਵਾਰ ਸੰਸਦ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਨੇ 6 ਵਾਰ ਸੰਸਦ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਪ੍ਰਭਾਵਿਤ ਹੋਏ ਤੇ ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਬਿਹਤਰੀ ਵਾਸਤੇ ਕੰਮ ਕੀਤਾ ਅਤੇ ਦਮਨਕਾਰੀ ਐਮਰਜੈਂਸੀ ਸ਼ਾਸਨ ਖ਼ਿਲਾਫ਼ ਲੜਨ ਤੋਂ ਇਲਾਵਾ ਅਸਲੀ ਸੰਘੀ ਰਾਜ ਬਣਾਉਣ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਲਈ ਭਲਾਈ ਦਾ ਕੰਮ ਕੀਤਾ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

DIsha

This news is Content Editor DIsha