ਕੋਰਟ ਦੇ ਫੈਸਲੇ ਦੇ ਬਾਅਦ ਬੋਲੇ ਹਾਰਦਿਕ-ਭਾਜਪਾ ਦੀ ''ਹਿਟਲਰਸ਼ਾਹੀ'' ਮੈਨੂੰ ਰੋਕ ਨਹੀਂ ਸਕਦੀ

07/25/2018 6:10:18 PM

ਨੈਸ਼ਨਲ ਡੈਸਕ— ਵਿਸਨਗਰ ਦੀ ਕੋਰਟ ਦੇ ਫੈਸਲੇ ਦੇ ਬਾਅਦ ਪਾਟੀਦਾਰ ਹਾਰਦਿਕ ਪਟੇਲ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਅੱਜ ਕਿਹਾ ਕਿ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਲਈ ਲੜਨ ਵਾਲੀ ਉਨ੍ਹਾਂ ਦੀ ਆਵਾਜ਼ ਨੂੰ ਭਾਜਪਾ ਦੀ ਹਿਟਲਰਸ਼ਾਹੀ ਨਹੀਂ ਦਬਾ ਸਕਦੀ। ਦੰਗਾ ਫੈਲਾਉਣ ਦੇ ਇਕ ਮਾਮਲੇ 'ਚ ਦੋ ਸਾਲ ਦੀ ਜੇਲ ਦੀ ਸਜ਼ਾ ਸੁਣਾਏ ਜਾਣ ਦੇ ਤੁਰੰਤ ਬਾਅਦ ਹਾਰਦਿਕ ਨੇ ਇਹ ਗੱਲ ਕੀਤੀ।
ਅਦਾਲਤ ਦੇ ਫੈਸਲੇ ਦੇ ਤੁਰੰਤ ਬਾਅਦ ਹਾਰਦਿਕ ਨੇ ਟਵੀਟ ਕੀਤਾ ਕਿ ਸਮਾਜਿਕ ਨਿਆਂ ਅਤੇ ਸਮਾਜਿਕ ਅਧਿਕਾਰ ਲਈ ਲੜਨਾ ਜੇਕਰ ਗੁਨਾਹ ਹੈ ਤਾਂ ਹਾਂ ਮੈਂ ਦੋਸ਼ੀ ਹਾਂ। ਸੱਚ ਅਤੇ ਅਧਿਕਾਰ ਦੀ ਲੜਾਈ ਲੜਨ ਵਾਲਾ ਜੇਕਰ ਬਾਗੀ ਹੈ ਤਾਂ ਹਾਂ ਮੈਂ ਬਾਗੀ ਹਾਂ। ਸਲਾਖਾਂ ਦੇ ਪਿੱਛੇ ਸੱਚ, ਕਿਸਾਨ, ਨੌਜਵਾਨ ਅਤੇ ਗਰੀਬਾਂ ਲਈ ਲੜਨ ਵਾਲੀ ਮੇਰੀ ਆਵਾਜ਼ ਨੂੰ ਭਾਜਪਾ ਦੀ ਹਿਟਲਰਸ਼ਾਹੀ ਸੱਤਾ ਨਹੀਂ ਦਬਾ ਸਕਦੀ। 
ਦੱਸ ਦਈਏ ਕਿ ਰਿਸ਼ੀਕੇਸ਼ ਪਟੇਲ ਦੇ ਦਫਤਰ 'ਚ ਭੰਨ੍ਹਤੋੜ ਕਰਨ ਦੇ ਮਾਮਲੇ 'ਚ ਵਿਸਨਗਰ ਕੋਰਟ ਨੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ। ਕੋਰਟ ਨੇ 17 ਦੋਸ਼ੀਆਂ 'ਚੋਂ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਉਥੇ ਹੀ 14 ਲੋਕਾਂ ਨੂੰ ਬਰੀ ਕਰ ਦਿੱਤਾ ਸੀ। 2015 ਦੇ ਇਸ ਦੰਗਾ ਕੇਸ 'ਚ ਹਾਰਦਿਕ ਪਟੇਲ ਦੇ ਇਲਾਵਾ ਲਾਲਜੀ ਪਟੇਲ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੇਹਸਾਣਾ ਦੀ ਵਿਸਨਗਰ ਕੋਰਟ ਨੇ ਹਾਰਦਿਕ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਠਹਿਰਾਇਆ ਹੈ। 2015 'ਚ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ 'ਤੇ ਹਮਲਾ ਹੋਇਆ ਸੀ।