ਹਰਦੀਪ ਪੁਰੀ ਬੋਲੇ- ਪਾਕਿ 'ਚ ਧਾਰਮਿਕ ਘੱਟ ਗਿਣਤੀ ਮੁਸ਼ਕਲਾਂ 'ਚ, ਹੋਰ ਕਿਹੜੇ ਸਬੂਤ ਦੀ ਲੋੜ

01/04/2020 12:57:45 PM

ਨਵੀਂ ਦਿੱਲੀ—  ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ 'ਤੇ ਭੀੜ ਵਲੋਂ ਪਥਰਾਅ ਅਤੇ ਨਾਅਰੇਬਾਜ਼ੀ ਦੀ ਘਟਨਾ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀਆਂ ਸ਼ਰਮਨਾਕ ਘਟਨਾਵਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ, ਜੋ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਅੱਤਿਆਚਾਰ ਤੋਂ ਇਨਕਾਰ ਕਰਨ ਅਤੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਦੀ ਜ਼ਰੂਰਤ ਤੋਂ ਮੂੰਹ ਮੋੜ ਰਹੇ ਹਨ। ਉਨ੍ਹਾਂ ਨੂੰ ਹੋਰ ਕਿਹੜੇ ਸਬੂਤ ਦੀ ਲੋੜ ਹੈ?

ਇਕ ਭਾਰਤੀ ਅਤੇ ਇਕ ਸਿੱਖ ਹੋਣ ਦੇ ਨਾਤੇ, ਮੈਂ ਉਨ੍ਹਾਂ ਸਾਰਿਆਂ ਨੂੰ ਨਹੀਂ ਮੰਨਦਾ ਜਿਹੜੇ ਧਰਮ ਨਿਰਪੱਖ ਅਤੇ ਸੰਵੇਦਨਸ਼ੀਲ ਹਨ, ਜੋ ਇਨ੍ਹਾਂ ਵਧੀਕੀਆਂ ਅਤੇ ਜ਼ੁਲਮ ਦੇ ਸੱਚ ਪ੍ਰਤੀ ਅੱਖਾਂ ਬੰਦ ਕਰਕੇ ਬੈਠੇ ਹਨ। ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਬੱਚੀ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾ ਕੇ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ 'ਚ ਸਿੱਖ ਕੁੜੀ ਨਾਲ ਵਿਆਹ ਕਰਨ ਵਾਲੇ ਇਕ ਮੁਸਲਮਾਨ ਵਿਅਕਤੀ ਦੇ ਪਰਿਵਾਰ ਦੀ ਅਗਵਾਈ 'ਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਕੱਲ ਸ਼ਾਮ ਭਾਵ ਸ਼ੁੱਕਰਵਾਰ ਨੂੰ ਇੱਥੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ। ਭੀੜ ਨੇ ਸਿੱਖ ਸ਼ਰਧਾਲੂਆਂ 'ਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਇੱਥੇ ਨਹੀਂ ਰਹਿਣ ਦੇਣਗੇ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਵੀ ਬਦਲ ਦੇਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਨਿੰਦਾ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।

Tanu

This news is Content Editor Tanu