ਘੱਟ ਹੋਈ ਪ੍ਰੀ-ਮਾਨਸੂਨ ਬਾਰਿਸ਼, ਅੱਧੇ ਤੋਂ ਜ਼ਿਆਦਾ ਭਾਰਤ ''ਚ ਵਧਿਆ ਸੋਕੇ ਦਾ ਖਤਰਾ

06/05/2019 5:13:52 PM

ਨਵੀਂ ਦਿੱਲੀ—ਇਸ ਸਾਲ ਜਿੱਥੇ ਇੱਕ ਪਾਸੇ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੈ, ਉੱਥੇ ਹੀ ਮਾਨਸੂਨ 'ਚ ਦੇਰੀ ਕਾਰਨ ਦੇਸ਼ ਨੂੰ ਸੋਕੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮੁੱਖ ਕਾਰਨ ਭਾਰਤ 'ਚ ਮਾਰਚ ਤੋਂ ਮਈ ਮਹੀਨੇ ਦੌਰਾਨ ਹੋਣ ਵਾਲੀ ਪ੍ਰੀ-ਮਾਨਸੂਨ ਬਾਰਿਸ਼ ਦਾ ਘੱਟ ਹੋਣਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਹੁਣ ਤੱਕ ਪ੍ਰੀ-ਮਾਨਸੂਨ ਦੌਰਾਨ ਸਿਰਫ 99 ਐੱਮ. ਐੱਮ. ਬਾਰਿਸ਼ ਹੋਈ ਜਦਕਿ ਪਿਛਲੇ ਸਾਲ 212 ਐੱਮ. ਐੱਮ. ਬਾਰਿਸ਼ ਹੋਈ ਸੀ। ਇਸ ਤੋਂ ਪਹਿਲਾਂ ਦੇਖੀਏ ਤਾਂ 2012 ਸਭ ਤੋਂ ਜ਼ਿਆਦਾ ਸੋਕੇ ਦਾ ਸਾਹਮਣੇ ਕਰਨਾ ਪਿਆ ਸੀ, ਜਦੋਂ ਸਿਰਫ 90.5 ਐੱਮ. ਐੱਮ. ਪ੍ਰੀ-ਮਾਨਸੂਨ ਬਾਰਿਸ਼ ਹੋਈ। 2009 'ਚ ਵੀ ਕਈ ਸੂਬਿਆਂ ਨੂੰ ਸੋਕੇ ਦਾ ਸਾਹਮਣਾ ਕਰਨਾ ਪਿਆ ਸੀ।

ਰਿਪੋਰਟ ਮੁਤਾਬਕ ਲਗਭਗ ਦੇਸ਼ ਦਾ 43 ਫੀਸਦੀ ਹਿੱਸਾ ਸੋਕੇ ਦਾ ਮਾਰ ਹੇਠ ਹੈ। ਇਸ ਦੇ ਨਾਲ ਜੇਕਰ ਮਾਨਸੂਨ 'ਚ ਹੋਰ ਦੇਰੀ ਹੋਈ ਤਾਂ 15 ਜੂਨ ਤੱਕ ਇਹ ਇਹ ਖਤਰਾ 51 ਫੀਸਦੀ ਤੱਕ ਵੱਧ ਜਾਵੇਗਾ। ਇਸ ਸਾਲ ਪ੍ਰੀ-ਮਾਨਸੂਨ ਸੀਜਨ 65 ਸਾਲਾਂ 'ਚ ਸਭ ਤੋਂ ਸੁੱਕਾ ਰਿਹਾ ਹੈ। ਇਸ ਦੌਰਾਨ 1 ਮਾਰਚ ਤੋਂ 31 ਮਈ ਤੱਕ ਬਾਰਿਸ਼ ਦੀ 25 ਫੀਸਦੀ ਕਮੀ ਰਹੀ। 

ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਮਹਾਂਰਾਸ਼ਟਰ, ਉਤਰ ਪੂਰਬ ਦੇ ਹਿੱਸੇ, ਰਾਜਸਥਾਨ, ਤਾਮਿਲਨਾਡੂ ਅਤੇ ਤੇਲੰਗਾਨਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਹਨ। ਆਈ. ਟੀ. ਆਈ. ਗਾਂਧੀਨਗਰ ਨੇ ਇਸ ਸਾਲ ਪਹਿਲਾਂ ਅੰਦਾਜ਼ਾ ਲਗਾਇਆ ਹੈ ਕਿ ਦੇਸ਼ ਦੇ 40 ਫੀਸਦੀ ਹਿੱਸੇ 'ਚ ਇਸ ਸਾਲ ਸੋਕੇ ਦੀ ਮਾਰ ਪੈ ਸਕਦੀ ਹੈ। ਇਸ ਦਾ ਮੁੱਖ ਕਾਰਨ ਕਮਜ਼ੋਰ ਪ੍ਰੀ-ਮਾਨਸੂਨ ਨੂੰ ਦੱਸਿਆ ਜਾ ਰਿਹਾ ਹੈ। 

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ ਹੁਣ ਹੋਰ ਦੇਰੀ ਨਾਲ 7 ਜੂਨ ਤੱਕ ਕੇਰਲ 'ਚ ਆਵੇਗੀ। ਮਾਨਸੂਨ 'ਚ ਦੇਰੀ ਹੋਣ ਕਾਰਨ ਇਸ ਦਾ ਅਸਰ ਫਸਲਾਂ ਅਤੇ  ਸਬਜ਼ੀਆਂ ਆਦਿ 'ਤੇ ਪੈਣ ਦਾ ਅੰਦਾਜ਼ਾ ਲਗਾਇਆ ਗਿਆ ਹੈ, ਕਿਉਂਕਿ ਪ੍ਰੀ-ਮਾਨਸੂਨ ਸੀਜ਼ਨ 'ਚ ਹੋਣ ਵਾਲੀ ਬਾਰਿਸ਼ ਖੇਤੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤੋਂ ਜ਼ਮੀਨ 'ਚ ਪਾਣੀ ਦਾ ਪੱਧਰ ਕਾਇਮ ਰਹਿੰਦਾ ਹੈ ਅਤੇ ਮਿੱਟੀ 'ਚ ਨਮੀ ਦੀ ਮਾਤਰਾ ਬਣੀ ਰਹਿੰਦੀ ਹੈ।


Iqbalkaur

Content Editor

Related News