ਜੰਮੂ ਕਸ਼ਮੀਰ : ਬਾਰਾਮੂਲਾ ''ਚ ਕਸ਼ਮੀਰੀ ਪੰਡਿਤ ਕਰਮਚਾਰੀਆਂ ਲਈ 320 ''ਚੋਂ ਅੱਧੇ ਫਲੈਟ ਤਿਆਰ

03/19/2023 11:12:02 AM

ਬਾਰਾਮੂਲਾ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਦੇ ਅਧੀਨ ਨੌਕਰੀ ਪਾਉਣ ਵਾਲੇ ਵਿਸਥਾਪਿਤ ਕਸ਼ਮੀਰੀ ਪੰਡਿਤ ਕਰਮਚਾਰੀਆਂ ਲਈ ਬਣਾਈ ਜਾ ਰਹੀ ਕਾਲੋਨੀ 'ਚ 320 'ਚੋਂ ਅੱਧ ਫਲੈਟ ਦਾ ਕੰਮ ਪੂਰਾ ਹੋ ਗਿਆ ਹੈ। ਡਿਪਟੀ ਕਮਿਸ਼ਨਰ (ਬਾਰਾਮੂਲਾ) ਸਈਅਦ ਸਹਿਰੀਸ਼ ਅਸਗਰ ਨੇ ਕਿਹਾ,''ਖਵਾਜ਼ਾਬਾਗ 'ਚ 40.22 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਵਿਸਥਾਪਿਤ ਕਾਲੋਨੀ ਬਣਾਈ ਜਾ ਰਹੀ ਹੈ। ਅਸੀਂ 35 ਕਰੋੜ ਰੁਪਏ ਖਰਚ ਕਰ ਦਿੱਤੇ ਹਨ। 10 ਬਲਾਕ ਉਦਘਾਟਨ ਲਈ ਤਿਆਰ ਹਨ।'' ਉਨ੍ਹਾਂ ਦੱਸਿਆ ਕਿ ਕਰੀਬ 160 ਫਲੈਟ ਮਹੀਨੇ ਦੇ ਅੰਤ ਤੱਕ ਉਦਘਾਟਨ ਲਈ ਤਿਆਰ ਹੋ ਜਾਣਗੇ। ਅਸਗਰ ਨੇ ਕਿਹਾ,''ਕੁੱਲ 320 ਫਲੈਟ ਬਣਾਏ ਜਾਣੇ ਹਨ। ਬਾਕੀ ਦੇ ਫਲੈਟ ਦਾ ਨਿਰਮਾਣ 2-3 ਮਹੀਨਿਆਂ ਅੰਦਰ ਪੂਰਾ ਹੋ ਜਾਵੇਗਾ। ਹੋਰ ਸਹੂਲਤਾਂ ਉਪਲੱਬਧ ਕਰਵਾਉਣ ਲਈ ਵੀ ਕਦਮ ਉਠਾਏ ਜਾ ਰਹੇ ਹਨ। ਕਾਲੋਨੀ ਸੁਰੱਖਿਅਤ ਸਥਾਨ 'ਤੇ ਬਣਾਈ ਗਈ ਹੈ।'' ਉਨ੍ਹਾਂ ਦੱਸਿਆ ਕਿ ਕਾਲੋਨੀ ਦੀ ਚਾਰਦੀਵਾਰੀ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ।

ਅਸਗਰ ਨੇ ਕਿਹਾ,''ਉੱਪ ਰਾਜਪਾਲ ਦੇ ਪ੍ਰਸ਼ਾਸਨ ਦਾ ਮੁੱਖ ਧਿਆਨ ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਦੇ ਅਧੀਨ ਨੌਕਰੀ ਪਾਉਣ ਵਾਲੇ ਉਨ੍ਹਾਂ ਕਰਮਚਾਰੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ 'ਤੇ ਹੈ, ਜਿਨ੍ਹਾਂ ਨੂੰ ਮੌਜੂਦਾ ਕਾਲੋਨੀ 'ਚ ਰਿਹਾਇਸ਼ ਨਹੀਂ ਮਿਲ ਰਹੀ ਹੈ ਤਾਂ ਕਿ ਉਹ ਆਪਣੇ ਪੇਸ਼ੇਵਰ ਕਰਤੱਵਾਂ ਨੂੰ ਬਿਨਾਂ ਰੁਕਾਵਟ ਨਿਭਾਅ ਸਕਣ।'' ਵਿਸਥਾਪਿਤ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੇ ਵੀ ਇਸ ਪ੍ਰਾਜੈਕਟ 'ਤੇ ਸੰਤੋਸ਼ ਜਤਾਇਆ ਹੈ। ਕਸ਼ਮੀਰੀ ਪੰਡਿਤ ਰੋਹਿਤ ਰੈਨਾ ਨੇ ਕਿਹਾ,''ਇਹ ਚੰਗੀ ਗੱਲ ਹੈ ਕਿ ਕਾਲੋਨੀ ਬਣਾਈ ਜਾ ਰਹੀ ਹੈ ਪਰ ਅਸੀਂ ਇਸ ਨੂੰ ਮੁੜ ਵਸੇਬੇ ਨਾਲ ਨਹੀਂ ਜੋੜ ਸਕਦੇ। ਮੁੜ ਵਸੇਬਾ ਇਕ ਵੱਡੀ ਪ੍ਰਕਿਰਿਆ ਹੈ। ਜੇਕਰ ਕਿਰਾਏ 'ਤੇ ਰਹਿ ਰਹੇ ਸਾਰੇ ਵਿਸਥਾਪਿਤ ਕਰਮਚਾਰੀ ਇਨ੍ਹਾਂ ਸੁਰੱਖਿਅਤ ਥਾਂਵਾਂ 'ਤੇ ਬਣਾਏ ਗਏ ਘਰ 'ਚ ਰਹਿੰਦੇ ਹਨ ਤਾਂ ਇਹ ਸੁਰੱਖਿਆ ਦੇ ਨਜ਼ਰੀਏ ਨਾਲ ਚੰਗਾ ਕਦਮ ਹੋਹੋਵੇਗਾ।'' ਜੰਮੂ ਕਸ਼ਮੀਰ ਪ੍ਰਸ਼ਾਸਨ ਅਨੁਸਾਰ ਸ਼੍ਰੀਨਗਰ, ਬਾਰਾਮੂਲਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ 'ਚ ਕਸ਼ਮੀਰੀ ਪੰਡਿਤ ਕਰਮਚਾਰੀਆਂ ਲਈ ਟਰਾਂਜਿਟ ਰਿਹਾਇਸ਼ ਬਣਾਏ ਜਾ ਰਹੇ ਹਨ ਅਤੇ ਕਰੀਬ 1200 ਫਲੈਟ ਦਾ ਨਿਰਮਾਣ ਦਸੰਬਰ ਤੱਕ ਪੂਰਾ ਹੋ ਜਾਵੇਗਾ।

DIsha

This news is Content Editor DIsha