ਯੂ.ਪੀ. 'ਚ ਹੁਣ ਭਗਵਾ ਰੰਗ 'ਚ ਰੰਗਿਆ ਗਿਆ ਹੱਜ ਹਾਊਸ

01/05/2018 2:50:48 PM

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮੁੱਖ ਮੰਤਰੀ ਦਫ਼ਤਰ ਤੋਂ ਬਾਅਦ ਯੂ.ਪੀ. ਹੱਜ ਹਾਊਸ ਕਮੇਟੀ ਦੀਆਂ ਕੰਧਾਂ ਦਾ ਵੀ ਭਗਵਾਕਰਨ ਹੋ ਗਿਆ ਹੈ। ਲਖਨਊ ਦੇ ਬਾਪੂ ਭਵਨ ਦੇ ਸਾਹਮਣੇ ਸਥਿਤ ਯੂ.ਪੀ. ਹੱਜ ਕਮੇਟੀ ਦੀਆਂ ਕੰਧਾਂ ਸ਼ੁੱਕਰਵਾਰ ਨੂੰ ਭਗਵਾ ਰੰਗ 'ਚ ਰੰਗੀਆਂ ਦਿੱਸੀਆਂ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਖਬਰ ਅਨੁਸਾਰ ਘੱਟ ਗਿਣਤੀ ਕਲਿਆਣ ਬੋਰਡ ਵੱਲੋਂ ਹੱਜ ਹਾਊਸ 'ਚ ਭਗਵਾ ਪੇਂਟ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਹੱਜ ਹਾਊਸ ਦੀਆਂ ਕੰਧਾਂ 'ਤੇ ਸਫੇਦ ਅਤੇ ਹਰਾ ਰੰਗ ਸੀ।

ਇਸ ਬਾਰੇ ਯੂ.ਪੀ. ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੋਹਸਿਨ ਰਜਾ ਵੱਲੋਂ ਬਿਆਨ ਜਾਰੀ ਹੋਇਆ ਹੈ। ਮੰਤਰੀ ਨੇ ਕਿਹਾ,''ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਵਿਵਾਦ ਪੈਦਾ ਕਰਨ ਦੀ ਲੋੜ ਨਹੀਂ ਹੈ। ਕੇਸਰੀਆ ਰੰਗ ਊਰਜਾ ਦਾ ਪ੍ਰਤੀਕ ਹੈ ਅਤੇ ਚਮਕਦਾਰ ਹੋਣ ਕਾਰਨ ਇਮਾਰਤਾਂ 'ਤੇ ਚੰਗਾ ਲੱਗਦਾ ਹੈ। ਵਿਰੋਧੀ ਧਿਰ ਕੋਲ ਸਾਡੇ ਖਿਲਾਫ ਕੋਈ ਵੱਡਾ ਮੁੱਦਾ ਨਹੀਂ ਹੈ, ਇਸ ਲਈ ਉਹ ਆਲੋਚਕ ਮੁੱਦੇ ਚੁੱਕਦੇ ਹਨ।
ਇਮਾਰਤਾਂ ਦਾ ਗੇਰੂਆ ਰੰਗ ਨਾਲ ਪੇਂਟ ਹੋਣ ਦਾ ਸਿਲਸਿਲਾ ਸਿਰਫ ਰਾਜਧਾਨੀ ਲਖਨਊ ਨਹੀਂ ਸਗੋਂ ਯੂ.ਪੀ. ਦੇ ਹੋਰ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ 'ਚ ਪੀਲੀਭੀਤ ਦੇ 100 ਤੋਂ ਵੀ ਵਧ ਸਕੂਲ ਭਗਵਾ ਰੰਗ 'ਚ ਰੰਗ ਦਿੱਤੇ ਗਏ ਸਨ। ਅਧਿਆਪਕਾਂ ਦੇ ਵਿਰੋਧ ਦੇ ਬਾਵਜੂਦ ਵੀ ਪਿੰਡ ਦੇ ਸਰਪੰਚ ਨੇ ਸਕੂਲਾਂ ਦੀਆਂ ਕੰਧਾਂ ਨੂੰ ਪੇਂਟ ਕਰਵਾ ਦਿੱਤਾ ਸੀ। ਇਮਾਰਤਾਂ ਦੇ ਭਗਵਾਕਰਨ ਦਾ ਸਿਲਸਿਲਾ ਅਕਤੂਬਰ ਮਹੀਨੇ ਤੋਂ ਜਾਰੀ ਹੈ, ਜਦੋਂ ਮੁੱਖ ਮੰਤਰੀ ਦੇ ਦਫ਼ਤਰ ਐਨੇਕਸ ਨੂੰ ਕੇਸਰੀਆ ਰੰਗ 'ਚ ਪੇਂਟ ਕੀਤਾ ਗਿਆ ਸੀ। ਲਖਨਊ ਤੋਂ ਸ਼ਾਸਤਰੀ ਭਵਨ 'ਚ ਸਥਿਤ ਮੁੱਖ ਮੰਤਰੀ ਦਫ਼ਤਰ ਪਹਿਲਾਂ ਸਫੇਦ ਰੰਗ ਨਾਲ ਪੇਂਟ ਸੀ। ਇਸ ਤੋਂ ਬਾਅਦ ਕਈ ਸਰਕਾਰੀ ਇਮਾਰਤਾਂ ਨੂੰ ਗੇਰੂਆ ਰੰਗ 'ਚ ਰੰਗਿਆ ਜਾ ਰਿਹਾ ਹੈ।