ਗੁਰਨਾਮ ਸਿੰਘ ਚਢੂਨੀ ਨੇ ਕਿਹਾ- ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਨ ਅਤੇ ਹਮੇਸ਼ਾ ਰਹਿਣਗੇ

01/19/2021 1:09:32 AM

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ 55ਵਾਂ ਦਿਨ ਹੈ। ਸਰਕਾਰ ਨਾਲ ਕਿਸਾਨਾਂ ਦੀ ਅਗਲੇ ਦੌਰ ਦੀ ਗੱਲਬਾਤ ਹੁਣ 20 ਜਨਵਰੀ ਦਿਨ ਬੁੱਧਵਾਰ ਨੂੰ ਹੋਣੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਨੇ ਗੁਰਨਾਮ ਸਿੰਘ ਚਢੂਨੀ ਵੱਲੋਂ ਐਤਵਾਰ ਨੂੰ ਕਈ ਰਾਜਨੀਤਕ ਪਾਰਟੀਆਂ ਨਾਲ ਕੀਤੀ ਮੀਟਿੰਗ ਨਾਲ ਸਬੰਧਿਤ ਵਿਵਾਦ ਬਾਰੇ ਵਿਚਾਰ ਵਟਾਂਦਰੇ ਕੀਤੇ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਖ਼ਾਲਿਸਤਾਨੀ ਕਹੇ ਜਾਣ 'ਤੇ ਬੋਲੇ ਰਾਜਨਾਥ- 'ਮੈਂ ਬਰਦਾਸ਼ਤ ਨਹੀਂ ਕਰਾਂਗਾ, ਸਿੱਖ ਮੇਰੇ ਵੱਡੇ ਭਰਾ'

ਗੁਰਨਾਮ ਸਿੰਘ ਨੇ ਕਮੇਟੀ ਸਾਹਮਣੇ ਆਪਣੀ ਸਥਿਤੀ ਬਾਰੇ ਦੱਸਦਿਆਂ ਲਿਖਿਆ ਕਿ ਉਨ੍ਹਾਂ ਨੇ ਇਹ ਮੀਟਿੰਗ ਆਪਣੀ ਨਿੱਜੀ ਸਮਰੱਥਾ ਵਿੱਚ ਬੁਲਾਈ ਸੀ। ਇਸ ਮੁਲਾਕਾਤ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਇਸ ਗੱਲ ਦਾ ਅਹਿਸਾਸ ਕਰਦਿਆਂ ਉਨ੍ਹਾਂ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਇਸ ਅੰਦੋਲਨ ਦੌਰਾਨ ਭਵਿੱਖ ਵਿੱਚ ਕਿਸੇ ਵੀ ਰਾਜਨੀਤਕ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਨ ਅਤੇ ਹਮੇਸ਼ਾ ਰਹਿਣਗੇ।

ਕਮੇਟੀ ਨੇ ਇਸ ਸਪਸ਼ਟੀਕਰਨ ਦਾ ਸਵਾਗਤ ਕਰਦਿਆਂ ਫੈਸਲਾ ਕੀਤਾ ਕਿ ਵਿਵਾਦ ਨੂੰ ਹੁਣ ਖ਼ਤਮ ਕਰ ਦੇਣਾ ਚਾਹੀਦਾ ਹੈ। ਇਹ ਇਤਿਹਾਸਕ ਲਹਿਰ ਜਿਸ ਮੋੜ 'ਤੇ ਹੈ, ਉਥੇ ਏਕਤਾ ਅਤੇ ਅਨੁਸ਼ਾਸਨ ਮਹੱਤਵਪੂਰਨ ਹਨ। ਇਹ ਅੰਦੋਲਨ ਕਿਸਾਨ ਸੰਗਠਨ ਹੀ ਇਸ ਨੂੰ ਇਥੇ ਤੱਕ ਲੈ ਕੇ ਆਏ ਹਨ ਅਤੇ ਕਿਸਾਨ ਸੰਗਠਨ ਹੀ ਇਸ ਨੂੰ ਅੱਗੇ ਲੈ ਕੇ ਜਾਣਗੇ। ਕੋਈ ਵੀ ਸੰਗਠਨ ਜਾਂ ਪਾਰਟੀ ਆਪਣੇ ਆਪ ਇਸ ਲਹਿਰ ਦਾ ਸਮਰਥਨ ਕਰਨ ਲਈ ਸੁਤੰਤਰ ਹੈ, ਪਰ ਅੰਦੋਲਨ ਦਾ ਸਿੱਧੇ ਤੌਰ 'ਤੇ ਕਿਸੇ ਵੀ ਧਿਰ ਨਾਲ ਕੋਈ ਸਬੰਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਵਾਦ ਹੁਣ ਖ਼ਤਮ ਹੋ ਗਿਆ ਹੈ ਅਤੇ ਜੋ ਵਫ਼ਦ ਸਰਕਾਰ ਨੂੰ ਮਿਲਣ ਜਾ ਰਿਹਾ ਹੈ ਉਸ ਵਿਚ ਗੁਰਨਾਮ ਸਿੰਘ ਜੀ ਵੀ ਪਹਿਲਾਂ ਵਾਂਗ ਸਾਡੇ ਨਾਲ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati