550ਵੇਂ ਪ੍ਰਕਾਸ਼ ਪੁਰਬ ਮੌਕੇ ਰੌਸ਼ਨੀ ਨਾਲ ਰੁਸ਼ਨਾਇਆ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ

11/12/2019 6:36:46 PM

ਨਵੀਂ ਦਿੱਲੀ— ਪੂਰੀ ਦੁਨੀਆ ਵਿਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਬੇਹੱਦ ਖਾਸ ਮੌਕੇ ਗੁਰਦੁਆਰਿਆਂ ਨੂੰ ਖਾਸ ਢੰਗ ਨਾਲ ਸਜਾਇਆ ਗਿਆ ਹੈ। ਦੱਸਣਯੋਗ ਹੈ ਕਿ ਦੁਨੀਆ ਭਰ ਤੋਂ ਸ਼ਰਧਾਲੂ ਗੁਰੂ ਨਗਰੀ ਅੰਮ੍ਰਿਤਸਰ, ਸੁਲਤਾਪੁਰ ਲੋਧੀ ਪਹੁੰਚ ਰਹੇ ਹਨ। ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੂੰ ਖਾਸ ਢੰਗ ਨਾਲ ਸਜਾਇਆ ਗਿਆ ਹੈ। ਰੋਸ਼ਨੀ ਨਾਲ ਪੂਰਾ ਗੁਰਦੁਆਰਾ ਰੁਸ਼ਨਾਇਆ ਹੋਇਆ ਹੈ। ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪੁੱਜੀਆਂ।

ਗੁਰਦੁਆਰੇ ਨੂੰ ਬਿਜਲੀ ਦੀਆਂ ਚਮਕੀਲੀਆਂ ਝਾਲਰਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਸੰਗਤਾਂ ਨੇ ਗੁਰਦੁਆਰੇ 'ਚ ਅਰਦਾਸ ਕੀਤੀ ਅਤੇ ਰਸ-ਭਿੰਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ।

ਇੱਥੇ ਦੱਸ ਦੇਈਏ ਕਿ ਦਿੱਲੀ 'ਚ ਕੱਲ ਭਾਵ ਸੋਮਵਾਰ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ ਦਾ ਆਯੋਜਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ 'ਚ ਸੁਸ਼ੋਭਿਤ ਕੀਤਾ ਗਿਆ ਸੀ ਅਤੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੀਸ ਗੰਜ ਤੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਨੂੰ ਲੈ ਕੇ ਦਿੱਲੀ ਵਾਸੀਆਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। 

ਅੱਜ ਵੀ ਵੱਡੀ ਗਿਣਤੀ 'ਚ ਸੰਗਤਾਂ ਦਿੱਲੀ ਤੋਂ ਇਲਾਵਾ ਹੋਰ ਖੇਤਰਾਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਣ ਲਈ ਪੁੱਜੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਸਵੇਰੇ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਈ।

Tanu

This news is Content Editor Tanu