ਅਮਰੀਕਾ ਵਿਚ ਗੈਰ ਕਾਨੂੰਨੀ ਬੰਦੂਕ ਸਾਈਲੈਂਸਰ ਵੇਚਣ ''ਤੇ ਇਕ ਭਾਰਤੀ ਨੂੰ ਜੇਲ

07/27/2017 5:53:09 PM

ਵਾਸ਼ਿੰਗਟਨ— ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਵਿਚ ਬੰਦੂਕਾਂ ਦੇ ਸਾਈਲੈਂਸਰ ਵੇਚਣ ਦੇ ਮਾਮਲੇ ਵਿਚ ਇਕ ਭਾਰਤੀ ਨੂੰ 30 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਦੇ ਪੀਤਮਪੁਰਾ ਇਲਾਕੇ ਦੇ ਰਹਿਣ ਵਾਲੇ ਮੋਹਿਤ ਚੌਹਾਨ (31) ਨੇ ਲੁਇਸਯਾਨਾ ਦੀ ਜ਼ਿਲ੍ਹਾ ਜੱਜ ਏਲਿਜਾਬੇਥ ਫੂਟੀ ਸਾਹਮਣੇ ਆਪਣਾ ਇਹ ਜੁਰਮ ਕਬੂਲ ਕੀਤਾ ਸੀ ਕਿ ਉਸ ਨੇ ਬਿਨਾ ਲਾਈਸੈਂਸ ਇਕ ਵਿਅਕਤੀ ਨੂੰ ਸਾਈਲੈਂਸਰ ਵੇਚਣ ਦੀ ਕੋਸ਼ਿਸ ਕੀਤੀ ਸੀ।
ਨਿਆਂ ਵਿਭਾਗ ਮੁਤਾਬਕ, ਮੋਹਿਤ ਚੌਹਾਨ ਨੂੰ ਰਿਹਾਈ ਮਗਰੋਂ 3 ਸਾਲ ਤੱਕ ਨਿਗਰਾਨੀ ਵਿਚ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਮੋਹਿਤ ਨੇ ਅਦਾਲਤ ਵਿਚ ਮੰਨਿਆ ਕਿ ਉਸ ਨੇ ਸਾਈਲੈਂਸਰ ਵੇਚਣ ਲਈ ਕਿਸੇ ਨਾਲ ਸੰਪਰਕ ਕੀਤਾ ਸੀ। ਈ-ਮੇਲ ਅਤੇ ਫੋਨ ਦੁਆਰਾ ਇਕ ਗਾਹਕ ਨਾਲ ਗੱਲ ਕੀਤੀ ਅਤੇ ਮੁਲਾਕਾਤ ਲਈ ਜਗ੍ਹਾ ਅਤੇ ਤਰੀਕ ਤੈਅ ਕੀਤੀ।
ਅਮਰੀਕੀ ਕਸਟਮ ਅਧਿਕਾਰੀਆਂ ਨੂੰ ਧੋਖਾ ਦੇ ਕੇ ਉਹ ਸਾਈਲੈਂਸਰ ਪਾਰਟਸ ਨਾਲ ਬੀਤੇ ਸਾਲ 1 ਦਸੰਬਰ ਨੂੰ ਗਾਹਕ ਨੂੰ ਮਿਲਣ ਲਈ ਸ਼ੈਰਵੋਪੋਰਟ ਪਹੁੰਚਿਆ ਸੀ। ਉਹ ਜਦੋਂ ਇਕ ਰੈਸਟੋਰੈਂਟ ਵਿਚ ਸਾਈਲੈਂਸਰ ਸੌਦੇ ਲਈ ਗੱਲਬਾਤ ਕਰ ਰਹੇ ਸਨ ਉਦੋਂ ਸੰਘੀ ਏਜੰਟਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।