ਗੁਜਰਾਤ ਦੀ ਲੜਕੀ ਨੂੰ ਵਟਸਐੱਪ ''ਤੇ ਵਿਦੇਸ਼ ਤੋਂ ਭੇਜਿਆ ਤਿੰਨ ਤਲਾਕ ਦਾ ਮੈਸੇਜ਼

06/18/2019 10:44:24 AM

ਸੂਰਤ— ਗੁਜਰਾਤ ਦੇ ਵਲਸਾਡ ਜ਼ਿਲੇ 'ਚ ਰਹਿਣ ਵਾਲੀ ਇਕ ਮੁਸਲਿਮ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਵਿਚ ਰਹਿਣ ਵਾਲੇ ਉਸ ਦੇ ਪਤੀ ਵਲੋਂ ਵਟਸਐੱਪ ਰਾਹੀਂ ਤਿੰਨ ਤਲਾਕ ਦਾ ਮੈਸੇਜ਼ ਭੇਜਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ। ਦੇਸ਼ 'ਚ ਇਕ ਵਾਰ 'ਚ ਤਿੰਨ ਤਲਾਕ ਦੇਣ 'ਤੇ ਪਾਬੰਦੀ ਹੈ। ਉਮਰਗਾਮ ਪੁਲਸ ਸਟੇਸ਼ਨ ਦੇ ਇੰਸਪੈਕਟਰ ਪੀ.ਐੱਮ. ਪਰਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਜੈਨੂਲ ਜਾਵੇਦ ਕਾਲੀਆ (27) ਦੇ ਰੂਪ 'ਚ ਹੋਈ ਹੈ। ਉਸ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਜਾਵੇਦ ਕਾਲੀਆ ਦੇ ਫੋਨ 'ਤੇ ਵਟਸਐੱਪ 'ਤੇ ਪਤਨੀ ਨੂੰ ਤਿੰਨ ਤਲਾਕ ਦਾ ਸੰਦੇਸ਼ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜੈਨੂਲ ਦੀ ਪਤਨੀ ਹੁਣ ਉਮਰਗਾਮ ਕਸਬੇ 'ਚ ਆਪਣੇ ਪਿਤਾ ਘਰ ਰਹਿ ਰਹੀ ਹੈ। ਉਸ ਨੇ ਐਤਵਾਰ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ। ਸਾਂਜਨ ਵਾਸੀ ਜੈਨੂਲ ਇਕ ਸ਼ਿਪਿੰਗ ਕੰਪਨੀ 'ਚ ਵਰਕਰ ਹੈ ਅਤੇ ਵਿਦੇਸ਼ 'ਚ ਰਹਿੰਦਾ ਹੈ। ਬੇਟੇ ਦੇ ਤਿੰਨ ਤਲਾਕ ਦਾ ਸੰਦੇਸ਼ ਮਿਲਣ 'ਤੇ ਪਿਤਾ ਜਾਵੇਦ ਨੇ ਉਸ ਦਾ ਪ੍ਰਿੰਟ ਆਊਟ ਕੱਢਿਆ ਅਤੇ ਤਲਾਕ ਦੀ ਪ੍ਰਕਿਰਿਆ ਪੂਰੀ ਕਰਨ ਲਈ ਮੌਲਵੀ ਨਾਲ ਮੁਲਾਕਾਤ ਕੀਤੀ। ਇਸ ਦੀ ਸੂਚਨਾ ਮੌਲਵੀ ਨੇ ਪੀੜਤਾ ਦੇ ਮਾਤਾ-ਪਿਤਾ ਨੂੰ ਦਿੱਤੀ। ਇਸ ਤੋਂ ਬਾਅਦ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ।

4 ਸਾਲ ਪਹਿਲਾਂ ਹੋਇਆ ਸੀ ਵਿਆਹ
ਪਰਮਾਰ ਨੇ ਦੱਸਿਆ ਕਿ ਜੋੜੇ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਸਾਲ ਦਾ ਇਕ ਬੇਟਾ ਵੀ ਹੈ। ਪੀੜਤਾ ਨੇ ਸਹੁਰੇ ਪਰਿਵਾਰ 'ਚ ਖੁਦ ਦਾ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਅਤੇ ਸੱਸ-ਸਹੁਰਾ ਚਾਹੁੰਦੇ ਸਨ ਕਿ ਉਹ ਆਪਣੇ ਤਿੰਨ ਸਾਲਾ ਬੇਟੇ ਨੂੰ ਜੈਨੂਲ ਦੀ ਭੈਣ ਨੂੰ ਦੇ ਦੇਣ, ਕਿਉਂਕਿ ਵਿਆਹ ਦੇ 8 ਸਾਲ ਬਾਅਦ ਵੀ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦਾ ਸ਼ੋਸ਼ਣ ਕੀਤਾ ਜਾਣ ਲੱਗਾ ਅਤੇ ਉਸ ਨੂੰ ਉਸ ਦੇ ਪੇਕੇ ਭੇਜ ਦਿੱਤਾ ਗਿਆ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜੈਨੂਲ, ਉਸ ਦੇ ਪਿਤਾ ਜਾਵੇਦ ਅਤੇ ਮਾਂ ਨਫੀਸਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲੀਆ ਦੇ ਪਰਿਵਾਰ ਅਤੇ ਮੌਲਵੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

DIsha

This news is Content Editor DIsha