ਇੱਥੇ ਲਾੜੇ ਦੀ ਥਾਂ ਭੈਣ ਵਿਆਹ ਕੇ ਲਿਆਉਂਦੀ ਹੈ ਭਰਜਾਈ, ਲਾੜਾ ਨਹੀਂ ਹੁੰਦਾ ਬਾਰਾਤ 'ਚ ਸ਼ਾਮਲ

05/27/2019 1:11:22 PM

ਗੁਜਰਾਤ— ਭਾਰਤ ਭਿੰਨਤਾਵਾਂ ਭਰਿਆ ਦੇਸ਼ ਹੈ, ਜਿੱਥੇ ਵਿਆਹਾਂ ਸਬੰਧੀ ਵੱਖ-ਵੱਖ ਰਸਮਾਂ ਵੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਅਨੋਖੀਆਂ ਪਰੰਪਰਾਵਾਂ ਹਨ ਕਿ ਦੇਖਣ ਵਾਲਾ ਦੰਦਾਂ ਹੇਠ ਉਂਗਲੀਆਂ ਦਬਾ ਲਵੇ। ਕੀ ਤੁਸੀਂ ਅਜਿਹੀ ਰਸਮ ਬਾਰੇ ਸੁਣਿਆ ਹੈ ਕਿ ਲਾੜਾ ਆਪਣੀ ਲਾੜੀ ਨਾਲ ਫੇਰੇ ਨਹੀਂ ਲੈ ਸਕਦਾ। ਅਜਿਹੀ ਹੀ ਇਕ ਅਨੋਖੀ ਪਰੰਪਰਾ ਹੈ ਗੁਜਰਾਤ ਦੇ ਆਦਿਵਾਸੀ ਇਲਾਕੇ ਵਿਚ, ਜਿੱਥੇ ਲਾੜੇ ਨੂੰ ਬਾਰਾਤ ਵਿਚ ਜਾਣ ਦੀ ਆਗਿਆ ਨਹੀਂ ਹੈ, ਉਹ ਆਪਣੇ ਘਰ 'ਚ ਹੀ ਰਹਿੰਦਾ ਹੈ ਪਰ ਉਸ ਦੀ ਥਾਂ ਉਸ ਦੀ ਕੁਆਰੀ ਭੈਣ ਲਾੜੇ ਦੇ ਰੂਪ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਦੀ ਹੈ। 

ਇਹ ਰਸਮ ਗੁਜਰਾਤ ਦੇ ਛੋਟਾ ਉਦੈਪੁਰ ਦੇ ਸੁਰਖੇੜਾ, ਸਨਾਡਾ ਤੇ ਅੰਬਲ ਵਿਚ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ। ਲਾੜੇ ਦੀ ਭੈਣ ਆਪਣੀ ਹੋਣ ਵਾਲੀ ਭਰਜਾਈ ਨਾਲ ਵਿਆਹ ਰਚਾ ਕੇ ਉਸ ਨੂੰ ਆਪਣੇ ਘਰ ਲੈ ਕੇ ਜਾਂਦੀ ਹੈ। ਲਾੜੇ ਦੀ ਭੈਣ ਹੀ ਆਪਣੀ ਭਰਜਾਈ ਨਾਲ 7 ਫੇਰੇ ਵੀ ਲੈਂਦੀ ਹੈ। ਜੇਕਰ ਭੈਣ ਨਹੀਂ ਹੈ ਤਾਂ ਲਾੜੇ ਦੇ ਪਰਿਵਾਰ ਦੀ ਕੋਈ ਵੀ ਕੁਆਰੀ ਕੁੜੀ ਲਾੜੇ ਵਲੋਂ ਜਾਂਦੀ ਹੈ। ਅਜਿਹੀ ਸਥਿਤੀ ਵਿਚ ਲਾੜਾ ਘਰ 'ਚ ਆਪਣੀ ਮਾਂ ਕੋਲ ਰਹਿੰਦਾ ਹੈ। ਹਾਲਾਂਕਿ ਲਾੜਾ ਸ਼ੇਰਵਾਨੀ, ਸਾਫਾ ਵੀ ਪਹਿਨਦਾ ਹੈ। ਹੱਥ ਵਿਚ ਤਲਵਾਰ ਵੀ ਫੜਦਾ ਹੈ ਪਰ ਆਪਣੇ ਹੀ ਵਿਆਹ ਵਿਚ ਸ਼ਾਮਲ ਨਹੀਂ ਹੁੰਦਾ।

ਕਈ ਸਾਲਾਂ ਤੋਂ ਇਹ ਪਰੰਪਰਾ ਇਵੇਂ ਹੀ ਚੱਲਦੀ ਆ ਰਹੀ ਹੈ। ਸੁਰਖੇੜਾ ਪਿੰਡ ਦੇ ਮੁਖੀਆ ਦੱਸਦੇ ਹਨ ਕਿ ਜੇ ਇਸ ਰਿਵਾਜ ਨਾਲ ਵਿਆਹ ਨਾ ਕੀਤਾ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਵਿਆਹੁਤਾ ਜੀਵਨ ਚੰਗਾ ਨਹੀਂ ਜਾਂਦਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਇਹ ਰਿਵਾਜ ਛੱਡ ਕੇ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਦੇਰ ਟਿਕਦਾ ਨਹੀਂ ਅਤੇ ਵਿਆਹ ਟੁੱਟ ਜਾਂਦਾ ਹੈ ਜਾਂ ਫਿਰ ਕੋਈ ਹੋਰ ਸਮੱਸਿਆ ਉੱਠ ਖੜ੍ਹੀ ਹੁੰਦੀ ਹੈ। ਪੰਡਤਾਂ ਦਾ ਕਹਿਣਾ ਹੈ ਕਿ ਇਹ ਅਨੋਖੀ ਪਰੰਪਰਾ ਆਦਿਵਾਸੀ ਸੱਭਿਆਚਾਰ ਦੀ ਪਛਾਣ ਹੈ। ਇਹ ਇਕ ਲੋਕ ਕਥਾ ਦਾ ਹਿੱਸਾ ਹੈ, ਇਸ ਕਥਾ ਮੁਤਾਬਕ ਤਿੰਨ ਪਿੰਡਾਂ- ਸੁਰਖੇੜਾ, ਸਨਾਡਾ ਅਤੇ ਅੰਬਲ ਦੇ ਪਿੰਡ ਦੇਵਤਾ ਕੁਆਰੇ ਹਨ। ਇਸ ਲਈ ਉਨ੍ਹਾਂ ਨੂੰ ਸਨਮਾਨ ਦੇਣ ਲਈ ਲਾੜੇ ਘਰ 'ਚ ਹੀ ਰਹਿੰਦੇ ਹਨ। ਅਜਿਹੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਲਾੜੇ ਸੁਰੱਖਿਅਤ ਰਹਿੰਦੇ ਹਨ।

Tanu

This news is Content Editor Tanu