ਗੁਜਰਾਤ : ਹੜ੍ਹ ''ਚ ਫਸੇ 31 ਲੋਕਾਂ ਨੂੰ ਬਚਾਉਣ ਲਈ ਉਤਰੀ ਹਵਾਈ ਫੌਜ

08/04/2019 4:44:57 PM

ਗੁਜਰਾਤ— ਮਹਾਰਾਸ਼ਟਰ ਦੇ ਨਾਲ-ਨਾਲ ਗੁਜਰਾਤ ਵੀ ਭਾਰੀ ਬਾਰਿਸ਼ ਦੇ ਕਹਿਰ ਨਾਲ ਜੂਝ ਰਿਹਾ ਹੈ। ਵੜੋਦਰਾ, ਨਵਸਾਰੀ ਅਤੇ ਸੂਰਤ 'ਚ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਨਵਸਾਰੀ 'ਚ ਚਾਰੋਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਨਵਸਾਰੀ ਜ਼ਿਲੇ ਦੇ ਮੇਂਧਰ ਪਿੰਡ ਵਿਚ ਫਸੇ 31 ਲੋਕਾਂ ਨੂੰ ਬਚਾਉਣ ਲਈ ਰਾਹਤ ਕੰਮ ਜਾਰੀ ਹੈ। ਉਨ੍ਹਾਂ ਨੂੰ ਬਚਾਉਣ ਲਈ ਹਵਾਈ ਫੌਜ ਨੇ ਐੱਮ. ਆਈ-17 ਹੈਲੀਕਾਪਟਰ ਤਾਇਨਾਤ ਕੀਤਾ ਹੈ। ਹੜ੍ਹ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਹਵਾਈ ਫੌਜ ਨੇ 2 ਹੈਲੀਕਾਪਟਰ ਤਾਇਨਾਤ ਕੀਤੇ ਹਨ। ਉੱਥੋਂ ਕੁਝ ਲੋਕਾਂ ਨੂੰ ਕੱਢ ਲਿਆ ਗਿਆ ਹੈ। 


ਦੱਸਣਯੋਗ ਹੈ ਕਿ ਗੁਜਰਾਤ ਵਿਚ ਬੀਤੇ ਕੁਝ ਦਿਨ ਤੋਂ ਮਾਨਸੂਨ ਸਰਗਰਮ ਹੈ, ਦੱਖਣੀ ਗੁਜਰਾਤ ਅਤੇ ਉੱਤਰੀ ਗੁਜਰਾਤ ਵਿਚ ਭਾਰੀ ਬਾਰਿਸ਼ ਹੋ ਰਹੀ ਹੈ।  ਅਗਲੇ ਦੋ ਦਿਨਾਂ ਲਈ ਵੀ ਮੌਸਮ ਵਿਭਾਗ ਨੇ ਸੂਬੇ ਵਿਚ ਭਾਰੀ ਬਾਰਿਸ਼ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਹਾਲਾਤ ਹੋਰ ਵੀ ਵਿਗੜਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਗੁਜਰਾਤ ਵਿਚ ਭਾਰੀ ਬਾਰਿਸ਼ ਕਾਰਨ ਕਈ ਨਦੀਆਂ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਵਜ੍ਹਾ ਕਰ ਕੇ ਵੱਡੀ ਗਿਣਤੀ ਵਿਚ ਮਗਰਮੱਛ ਵਹਿ ਕੇ ਸ਼ਹਿਰ ਵਿਚ ਆ ਗਏ ਹਨ। ਬਾਰਿਸ਼ ਤੋਂ ਮਚੀ ਤਬਾਹੀ ਨੂੰ ਦੇਖਦੇ ਹੋਏ ਐੱਨ. ਡੀ. ਆਰ. ਐੱਫ. ਨੇ ਮਹਾਰਾਸ਼ਟਰ ਅਤੇ ਗੁਜਰਾਤ ਵਿਚ 8 ਟੀਮਾਂ ਨੂੰ ਤਾਇਨਾਤ ਕੀਤਾ ਹੈ।

Tanu

This news is Content Editor Tanu