ਗੁਜਰਾਤ ’ਚ ‘ਵਾਯੂ’ ਦਾ ਖਤਰਾ, 1.6 ਲੱਖ ਲੋਕ ਸੁਰੱਖਿਅਤ ਕੱਢੇ

06/12/2019 10:57:37 PM

ਗਾਂਧੀਨਗਰ– ਅਰਬ ਸਾਗਰ ਵਿਚ ਉਠਿਆ ਸਮੁੰਦਰੀ ਤੂਫਾਨ ‘ਵਾਯੂ’ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬੁੱਧਵਾਰ ਅੱਧੀ ਰਾਤ ਵੇਲੇ ਤੇਜ਼ੀ ਨਾਲ ਗੁਜਰਾਤ ਵਲ ਵਧ ਰਿਹਾ ਸੀ। ਗੁਜਰਾਤ ਦੇ ਸੌਰਾਸ਼ਟਰ ਨੇੜੇ ਇਸ ਦੇ ਵੀਰਵਾਰ ਸਵੇਰੇ ਕਿਸੇ ਵੇਲੇ ਵੀ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਸੂਬੇ ਦੇ ਸਮੁੰਦਰੀ ਕੰਢਿਆਂ ’ਤੇ ਸਥਿਤ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ। 1.6 ਲੱਖ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਹੋਰਨਾਂ ਥਾਵਾਂ ’ਤੇ ਭੇਜ ਦਿੱਤਾ ਗਿਆ। ਸੂਬੇ ਦੇ ਵਿੱਦਿਅਕ ਅਦਾਰੇ ਬੰਦ ਰਹੇ ਅਤੇ ਵੀਰਵਾਰ ਵੀ ਛੁੱਟੀ ਰਹੇਗੀ। ਮੁੱਖ ਮੰਤਰੀ ਵਿਜੇ ਰੁਪਾਣੀ ਨੇ ਤੂਫਾਨ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਮੰਤਰੀ ਮੰਡਲ ਦੀ ਹੰਗਾਮੀ ਬੈਠਕ ਸੱਦੀ ਹੈ। ਐੱਨ. ਡੀ. ਆਰ. ਐੱਫ. ਦੀਆਂ 51 ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਉਡਾਣਾਂ ਰੱਦ, ਬੰਦਰਗਾਹਾਂ ਆਰਜ਼ੀ ਤੌਰ ’ਤੇ ਬੰਦ

ਰੇਲਵੇ ਨੇ ਗੁਜਰਾਤ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ਵਿਚ 40 ਦੇ ਲਗਭਗ ਟਰੇਨਾਂ ਦੀ ਆਵਾਜਾਈ ਨੂੰ ਆਰਜ਼ੀ ਤੌਰ ’ਤੇ ਰੋਕ ਦਿੱਤਾ ਹੈ। ਪੱਛਮੀ ਰੇਲਵੇ ਨੇ ਤੂਫਾਨ ਨਾਲ ਨਜਿੱਠਣ ਲਈ ਸਪੈਸ਼ਲ ਟਰੇਨਾਂ ਚਲਾਉਣ, ਜਨਰੇਟਰ, ਰੁੱਖ ਕੱਟਣ ਵਾਲੇ ਸਾਮਾਨ ਅਤੇ ਹੋਰ ਪ੍ਰਬੰਧ ਕਰਨ ਲਈ ਕਿਹਾ ਹੈ। ਅਹਿਮਦਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵੱਖ-ਵੱਖ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਬੰਦਰਗਾਹਾਂ ਨੂੰ ਵੀ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।

Inder Prajapati

This news is Content Editor Inder Prajapati