ਭਾਰਤੀ ਕਿਸਾਨ ਦਾ ਕਮਾਲ, ਗਿਨੀਜ਼ ਵਰਲਡ ਰਿਕਾਰਡ 'ਚ ਨਾਮ ਦਰਜ

06/03/2020 6:45:38 PM

ਨਵੀਂ ਦਿੱਲੀ (ਵਾਰਤਾ)— ਉੱਤਰਾਖੰਡ ਦੇ ਗੋਪਾਲ ਉਪ੍ਰੇਤੀ ਦੁਨੀਆ ਦੇ ਪਹਿਲੇ ਕਿਸਾਨ ਬਣ ਗਏ ਹਨ, ਜਿਨ੍ਹਾਂ ਨੇ 2.16 ਮੀਟਰ ਲੰਬਾ ਧਨੀਆ ਦਾ ਜੈਵਿਕ ਬੂਟਾ ਉਗਾ ਕੇ ਆਪਣੇ ਨਾਮ ਗਿਨੀਜ਼ ਵਰਲਡ ਰਿਕਾਰਡਜ਼ 'ਚ ਦਰਜ ਕਰਾਇਆ। ਅਲਮੋੜਾ ਦੇ ਉਪ੍ਰੇਤੀ ਨੇ ਗਿਨੀਜ਼ ਵਰਲਡ ਰਿਕਾਰਡ ਵਿਚ ਪਹਿਲਾਂ ਤੋਂ ਦਰਜ 1.8 ਮੀਟਰ ਧਨੀਏ ਦੇ ਬੂਟੇ ਨੂੰ ਚੁਣੌਤੀ ਦਿੱਤੀ। ਬਿਲਲੇਖ ਰਾਨੀ ਖੇਤ, ਅਲਮੋੜਾ ਦੇ ਜੀ. ਐੱਸ. ਆਰਗੈਨਿਕ ਐੱਪਲ ਫਾਰਮ ਵਿਚ ਉਪ੍ਰੇਤੀ ਨੇ ਪੂਰਨ ਰੂਪ ਨਾਲ ਜੈਵਿਕ ਧਨੀਆ ਦੀ ਫਸਲ ਬਿਨਾਂ ਪੌਲੀ ਹਾਊਸ ਦੇ ਉਗਾਈ, ਜਿਸ ਵਿਚ ਬੂਟੇ ਦੀ ਜ਼ਿਆਦਾਤਰ ਲੰਬਾਈ 7 ਫੁੱਟ 1 ਇੰਚ ਰਿਕਾਰਡ ਕੀਤੀ ਗਈ। ਉਨ੍ਹਾਂ ਦੇ ਫਾਰਮ ਵਿਚ 7 ਫੁੱਟ ਤੱਕ ਦੀ ਲੰਬਾਈ ਦੇ ਬਹੁਤ ਸਾਰੇ ਬੂਟੇ ਰਿਕਾਰਡ ਕੀਤੇ ਗਏ।

ਅਲਮੋੜਾ ਦੇ ਮੁੱਖ ਪਾਰਕ ਅਧਿਕਾਰੀ ਟੀ. ਐੱਨ. ਪਾਂਡੇ ਅਤੇ ਉੱਤਰਾਖੰਡ ਆਰਗੈਨਿਕ ਬੋਰਡ ਦੇ ਰਾਨੀ ਖੇਤ ਮਜਖਾਲੀ ਇੰਚਾਰਜ ਡਾਕਟਰ ਦਵਿੰਦਰ ਸਿੰਘ ਨੇਗੀ ਅਤੇ ਹੋਰ ਅਧਿਕਾਰੀਆਂ ਵਲੋਂ ਬੂਟਿਆਂ ਦੀ ਲੰਬਾਈ ਰਿਕਾਰਡ ਕੀਤੀ ਗਈ। 
ਉਪ੍ਰੇਤੀ ਨੇ ਦੱਸਿਆ ਕਿ ਲੱਗਭਗ 10 ਨਾਲੀ ਖੇਤਰ ਵਿਚ ਧਨੀਆ ਦੀ ਫਸਲ ਉਗਾਈ ਸੀ। ਸਾਰੇ ਬੂਟਿਆਂ ਦੀ ਲੰਬਾਈ ਸਾਢੇ 5 ਫੁੱਟ ਤੋਂ ਉੱਪਰ ਦੀ ਹੈ। ਧਨੀਏ ਦੇ ਬੂਟੇ ਦੀ ਔਸਤ ਗੋਲਾਈ 5 ਤੋਂ 10 ਫੁੱਟ ਤਕ ਦੇਖੀ ਗਈ ਹੈ। ਬੂਟੇ ਦੇ ਤਨੇ ਦੀ ਮੋਟਾਈ ਅੱਧੇ ਇੰਚ ਤੋਂ ਲੈ ਕੇ 1 ਇੰਚ ਤੱਕ ਵੀ ਦੇਖੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਬਗੀਚੇ 'ਚ ਸੇਬ, ਆੜੂ, ਖੁਮਾਨੀ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾ ਉਤਪਾਦਨ ਵੀ ਪੂਰਨ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ। 

ਉਪ੍ਰੇਤੀ ਨੇ 21 ਅਪ੍ਰੈਲ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਦੁਨੀਆ ਦਾ ਸਭ ਤੋਂ ਉੱਚਾ ਧਨੀਏ ਦੇ ਬੂਟੇ ਨੂੰ ਰਿਕਾਰਡ ਕਰਨ ਲਈ ਬੇਨਤੀ ਕੀਤੀ ਸੀ। ਉਪ੍ਰੇਤੀ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋਣਾ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਸਨਮਾਨ ਹੈ, ਖਾਸ ਤੌਰ 'ਤੇ ਜੈਵਿਕ ਖੇਤੀ ਦੇ ਖੇਤਰ ਵਿਚ ਬਹੁਤ ਵੱਡੀ ਉਪਲੱਬਧੀ ਹੈ। ਉੱਤਰਾਖੰਡ ਵਿਚ ਜੈਵਿਕ ਖੇਤੀ ਦੀਆਂ ਅਪਾਰ ਸੰਭਾਵਨਾਵਾਂ ਹਨ। ਧਨੀਏ ਦੀ ਫਸਲ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ।

Tanu

This news is Content Editor Tanu