ਜੀ.ਐੱਸ.ਟੀ. ਚੰਗਾ ਕਦਮ, ਲਾਗੂ ਕਰਨ ਦਾ ਤਰੀਕਾ ਗਲਤ- ਸਿਸੌਦੀਆ

06/30/2017 3:31:47 PM

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਤੋਂ 36 ਦਾ ਅੰਕੜਾ ਰੱਖਣ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਵਸਤੂ ਅਤੇ ਟੈਕਸ ਸੇਵਾ (ਜੀ.ਐੱਸ.ਟੀ.) ਤਾਂ ਚੰਗੀ ਹੈ ਪਰ ਇਸ ਨੂੰ ਲਾਗੂ ਕਰਨ ਦਾ ਤਰੀਕਾ ਸਹੀ ਨਹੀਂ ਹੈ, ਜਿਸ ਨਾਲ ਮਹਿੰਗਾਈ 'ਚ ਕਾਫੀ ਵਾਧਾ ਹੋਵੇਗਾ। ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਜੀ.ਐੱਸ.ਟੀ. ਲਾਗੂ ਕਰਨ ਦਾ ਸੁਝਾਅ ਕਾਫੀ ਚੰਗਾ ਹੈ ਪਰ ਇਸ ਨੂੰ ਲਾਗੂ ਕਰਨ ਦਾ ਤਰੀਕਾ ਠੀਕ ਨਹੀਂ ਹੈ। ਦਿੱਲੀ ਸਰਕਾਰ ਨੇ ਜ਼ੀਰੋ ਟੈਕਸ ਦੀ ਗੱਲ ਕੀਤੀ ਸੀ ਪਰ ਕਈ ਤਰ੍ਹਾਂ ਦੇ ਟੈਕਸ ਲਾਏ ਗਏ ਹਨ। ਬਿਸਕੁੱਟ 'ਤੇ 28 ਫੀਸਦੀ ਟੈਕਸ ਲਾਇਆ ਗਿਆ ਹੈ। ਸ਼੍ਰੀ ਸਿਸੌਦੀਆ ਨੇ ਜੀ.ਐੱਸ.ਟੀ. ਨੂੰ ਸਿਰਫ ਸਰਕਾਰ ਦੀ ਆਮਦਨੀ ਵਧਾਉਣ ਵਾਲਾ ਦੱਸਿਆ ਅਤੇ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਮਹਿੰਗਾਈ ਕਾਫੀ ਵਧ ਜਾਵੇਗੀ। ਦੇਸ਼ 'ਚ ਪਹਿਲੀ ਵਾਰ ਕੱਪੜੇ 'ਤੇ ਟੈਕਸ ਲੱਗੇਗਾ। ਕੇਂਦਰ ਸਰਕਾਰ ਨੇ ਸਾਡੇ ਕਈ ਸੁਝਾਅ ਮੰਨੇ ਪਰ ਵੱਡਾ ਫੈਸਲਾ ਨਹੀਂ ਲੈ ਸਕੇ। ਜੀ.ਐੱਸ.ਟੀ. ਨਾਲ ਕਾਫੀ ਕੁਝ ਵਿਗੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 28 ਫੀਸਦੀ ਟੈਕਸ ਆਮ ਆਦਮੀ ਲਈ ਬਹੁਤ ਵਧ ਹੈ। ਸ਼ਰਾਬ ਅਤੇ ਅਚੱਲ ਸੰਪਤੀ ਕਾਰੋਬਾਰ ਨੂੰ ਨਵੀਂ ਟੈਕਸ ਵਿਵਸਥਾ ਤੋਂ ਬਾਹਰ ਰੱਖਣਾ ਗਲਤ ਫੈਸਲਾ ਹੈ। ਸੀਮੈਂਟ ਵਰਗੀਆਂ ਚੀਜ਼ਾਂ 'ਤੇ ਜੀ.ਐੱਸ.ਟੀ. ਲਾਈ ਜਾ ਰਹੀ ਹੈ ਤਾਂ ਅਚੱਲ ਸੰਪਤੀ ਖੇਤਰ 'ਚ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਜੀ.ਐੱਸ.ਟੀ. ਨੂੰ ਲਾਗੂ ਕਰਨ ਤੋਂ ਪਹਿਲਾਂ ਜੇਕਰ ਲੋਕਾਂ ਨੂੰ ਵਿਸ਼ਵਾਸ 'ਚ ਲੈਂਦੀ ਤਾਂ ਕਾਫੀ ਚੰਗਾ ਹੁੰਦਾ। ਇਸ ਦੇ ਲਾਗੂ ਹੋਣ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਧ ਫਾਇਦਾ ਹੋਵੇਗਾ, ਆਮ ਆਦਮੀ ਨੂੰ ਨਹੀਂ।
ਸ਼੍ਰੀ ਸਿਸੌਦੀਆ ਜਿਨ੍ਹਾਂ ਕੋਲ ਵਿੱਤ ਮੰਤਰਾਲੇ ਦਾ ਵੀ ਅਹੁਦਾ ਹੈ, ਨੇ ਕਿਹਾ ਕਿ ਜੀ.ਐੱਸ.ਟੀ. ਲਿਆਉਣਾ ਕੋਈ ਅਪਰਾਧ ਨਹੀਂ ਹੈ ਪਰ ਇਸ ਨਾਲ ਜਨਤਾ ਨੂੰ ਫਾਇਦਾ ਹੋਣਾ ਜ਼ਰੂਰੀ ਹੈ ਪਰ ਅਜਿਹਾ ਨਹੀਂ ਦਿੱਸ ਰਿਹਾ। ਲੋਕਾਂ ਦੇ ਮਨ 'ਚ ਇਸ ਨੂੰ ਲੈ ਕੇ ਡਰ ਹੈ। ਜੀ.ਐੱਸ.ਟੀ. ਦਾ ਸ਼ੁਭ ਆਰੰਭ ਕਰਨ ਲਈ ਕੇਂਦਰ ਸਰਕਾਰ ਦੇ ਜਸ਼ਨ ਮਨਾਉਣ ਨੂੰ ਸਹੀ ਨਾ ਦੱਸਦੇ ਹੋਏ ਸ਼੍ਰੀ ਸਿਸੌਦੀਆ ਨੇ ਕਿਹਾ ਕਿ ਇਸ ਨੂੰ ਬਿਨਾਂ ਜਸ਼ਨ ਦੇ ਲਾਗੂ ਕਰਨਾ ਚਾਹੀਦਾ ਸੀ। ਟੈਕਸ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਕਿ ਲੋਕ ਖੁਸ਼ੀ-ਖੁਸ਼ੀ ਟੈਕਸ ਦੀ ਅਦਾਇਗੀ ਕਰਨ। ਅਜਿਹਾ ਮਾਹੌਲ ਨਹੀਂ ਬਣਨਾ ਚਾਹੀਦਾ ਕਿ ਲੋਕ ਚੋਰੀ ਕਰਨਾ ਸ਼ੁਰੂ ਕਰ ਦੇਣ। ਦਿੱਲੀ ਸਰਕਾਰ ਨੇ ਟੈਕਸ ਘਟਾਇਆ ਤਾਂ ਉਸ ਦੇ ਮਾਲੀਆ 'ਚ ਵਾਧਾ ਹੋਇਆ। ਜੀ.ਐੱਸ.ਟੀ. ਨੂੰ ਆਜ਼ਾਦੀ ਦੱਸੇ ਜਾਣ 'ਤੇ ਸ਼੍ਰੀ ਸਿਸੌਦੀਆ ਨੇ ਕਿਹਾ ਕਿ ਇਹ ਕੋਈ ਆਜ਼ਾਦੀ ਨਹੀਂ ਹੈ ਕੀ ਅਸੀਂ ਪਹਿਲੇ ਆਰਥਿਕ ਆਜ਼ਾਦੀ 'ਚ ਨਹੀਂ ਸੀ। ਜੇਕਰ ਇਹ ਆਜ਼ਾਦੀ ਹੈ ਤਾਂ ਅਸੀਂ ਆਜ਼ਾਦੀ ਦਾ ਮਤਲਬ ਨਹੀਂ ਜਾਣਦੇ। ਜੀ.ਐੱਸ.ਟੀ. ਨੂੰ ਲੈ ਕੇ ਵਪਾਰੀਆਂ ਦੇ ਵਿਰੁੱਧ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ ਤਾਂ ਵਿਰੋਧ ਕਰਨਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਨਾਲ ਦਿੱਲੀ 'ਚ ਮੱਧਮ ਵਰਗ ਦੇ ਵਪਾਰੀਆਂ ਨੂੰ ਕਾਫੀ ਪਰੇਸ਼ਾਨੀ ਹੋਣ ਵਾਲੀ ਹੈ।