ITBP ਦੇ 60ਵੇਂ ਸਥਾਪਨਾ ਦਿਵਸ ’ਤੇ PM ਮੋਦੀ ਨੇ ਜਵਾਨਾਂ ਨੂੰ ਦਿੱਤੀ ਵਧਾਈ, ਟਵੀਟ ਕਰ ਵਧਾਇਆ ਹੌਂਸਲਾ

10/24/2021 5:35:07 PM

ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ 60ਵੇਂ ਸਥਾਪਨਾ ਦਿਵਸ ’ਤੇ ਐਤਵਾਰ ਨੂੰ ਜਵਾਨਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਜਦੋਂ ਵੀ ਉਨ੍ਹਾਂ ਦੀ ਜ਼ਰੂਰਤ ਪਈ ਹੈ, ਉਨ੍ਹਾਂ ਨੇ ਆਪਣੇ ਸਾਹਸ ਅਤੇ ਸਮਰਪਣ ਨਾਲ ਜਵਾਬ ਦਿੱਤਾ।

ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਤੋਂ ਲੈ ਕੇ ਹਿਮਾਲਿਆ ਦੀਆਂ ਬਰਫ਼ੀਲੀਆਂ ਉੱਚਾਈਆਂ ਤੱਕ, ਸਾਡੇ ਆਈ. ਟੀ. ਬੀ. ਪੀ. ਜਵਾਨਾਂ ਨੇ ਦੇਸ਼ ਲਈ ਸਾਹਸ ਅਤੇ ਸਮਰਪਣ ਵਿਖਾਇਆ ਹੈ। ਆਫ਼ਤ ਦੇ ਸਮੇਂ ਉਨ੍ਹਾਂ ਦਾ ਮਨੁੱਖਤਾ ਲਈ ਕੰਮ ਜ਼ਿਕਰਯੋਗ ਹੈ। ਸਾਰੇ ਆਈ. ਟੀ. ਬੀ. ਪੀ. ਜਵਾਨਾਂ ਨੂੰ ਸਥਾਪਨਾ ਦਿਵਸ ਦੀ ਵਧਾਈ।

ਦੱਸ ਦੇਈਏ ਕਿ ਆਈ. ਟੀ. ਬੀ. ਪੀ. ਦੀ ਸਥਾਪਨਾ ਚੀਨ ਨਾਲ 1962 ਦੀ ਜੰਗ ਮਗਰੋਂ ਕੀਤੀ ਗਈ ਸੀ, ਇਸ ’ਚ ਕਰੀਬ 90,000 ਜਵਾਨ ਹਨ। ਆਈ. ਟੀ. ਬੀ. ਪੀ. ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ ਦੀਆਂ 5 ਸ਼ਖਾਵਾਂ ਵਿਚੋਂ ਇਕ ਹੈ।

ਇਹ ਉੱਤਰੀ ਸਰਹੱਦਾਂ ’ਤੇ ਨਿਗਰਾਨੀ ਰੱਖਦਾ ਹੈ ਅਤੇ ਸੀਮਾ ਉਲੰਘਣ ਨੂੰ ਰੋਕਦਾ ਹੈ। ਇਹ ਗੈਰ-ਕਾਨੂੰਨੀ ਇਮੀਗ੍ਰੇਸ਼ਨ, ਸਰਹੱਦ ਪਾਰ ਤੋਂ ਤਸਕਰੀ ਆਦਿ ਦੀ ਨਿਗਰਾਨੀ ਕਰਦਾ ਹੈ ਅਤੇ ਦੇਸ਼ ’ਚ ਸ਼ਾਂਤੀ ਬਣਾ ਕੇ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।

Tanu

This news is Content Editor Tanu