ਗ੍ਰੇਟਰ ਨੋਇਡਾ : ਸੰਘਣੀ ਧੁੰਦ ਕਾਰਨ ਕਾਰ ਫਿਸਲ ਕੇ ਨਹਿਰ ''ਚ ਡਿੱਗੀ, 6 ਦੀ ਮੌਤ

12/30/2019 10:10:03 AM

ਗ੍ਰੇਟਰ ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਸੰਘਣੀ ਧੁੰਦ ਕਾਰਨ ਇਕ ਕਾਰ ਸੜਕ ਤੋਂ ਫਿਸਲ ਕੇ ਨਹਿਰ ਵਿਚ ਡਿੱਗ ਗਈ, ਜਿਸ ਵਿਚ 2 ਨਾਬਾਲਗਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਦੇਰ ਰਾਤ ਕਰੀਬ ਸਾਢੇ 11 ਵਜੇ ਦੇ ਕਰੀਬ ਵਾਪਰਿਆ। ਪੁਲਸ ਨੇ ਸੋਮਵਾਰ ਭਾਵ ਅੱਜ ਦੱਸਿਆ ਕਿ ਕਾਰ 'ਚ ਸਵਾਰ 5 ਹੋਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਰ ਵਿਚ 11 ਲੋਕ ਸਵਾਰ ਸਨ। ਹਾਦਸੇ ਮਗਰੋਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਬਾਕੀ 5 ਦਾ ਇਲਾਜ ਚੱਲ ਰਿਹਾ ਹੈ।

ਕਾਰ ਦਨਕੌਰ ਇਲਾਕੇ ਦੇ ਖੇਰਲੀ ਨਹਿਰ 'ਚ ਡਿੱਗ ਗਈ। ਪੁਲਸ ਮੁਤਾਬਕ ਸੰਘਣੀ ਧੁੰਦ ਕਾਰਨ ਡਰਾਈਵਰ ਤੇਜ਼ ਰਫਤਾਰ ਕਾਰ 'ਤੇ ਆਪਣਾ ਕੰਟਰੋਲ ਗੁਆ ਬੈਠਾ ਅਤੇ ਉਹ ਨਹਿਰ ਵਿਚ ਜਾ ਡਿੱਗੀ। ਪੁਲਸ ਨੇ ਦੱਸਿਆ ਕਿ ਇਕ ਹੀ ਪਰਿਵਾਰ ਦੇ 11 ਲੋਕ ਇੰਡਿਗਾ ਕਾਰ 'ਚ ਸਵਾਰ ਸਨ। ਇਹ ਲੋਕ ਸੰਭਲ ਤੋਂ ਦਿੱਲੀ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲੇ 2 ਗੱਡੀਆਂ 'ਚ ਦਿੱਲੀ ਆ ਰਹੇ ਸਨ। ਦੂਜੀ ਕਾਰ ਪਿੱਛੇ ਸੀ। ਮਰਨ ਵਾਲਿਆਂ ਦੀ ਪਛਾਣ ਮਹੇਸ਼, ਕਿਸ਼ਨ ਲਾਲ, ਨਰੇਸ਼, ਰਾਮ ਖਿਲਾੜੀ, ਮੱਲੂ ਅਤੇ ਨੇਤਰਪਾਲ ਵਜੋਂ ਹੋਈ ਹੈ।

Tanu

This news is Content Editor Tanu