ਸਰਕਾਰ ਨੇ ਆਸਾਮ ਦੇ 8 ਆਦਿਵਾਸੀ ਅੱਤਵਾਦੀ ਸਮੂਹਾਂ ਨਾਲ ਕੀਤਾ ਸਮਝੌਤਾ

09/16/2022 7:02:55 PM

ਨਵੀਂ ਦਿੱਲੀ (ਭਾਸ਼ਾ)– ਕੇਂਦਰ ਸਰਕਾਰ ਨੇ ਆਸਾਮ ਦੇ ਕੁਝ ਹਿੱਸਿਆਂ ਵਿਚ ਸਥਾਈ ਸ਼ਾਂਤੀ ਲਿਆਉਣ ਲਈ 8 ਆਦਿਵਾਸੀ ਅੱਤਵਾਦੀ ਸੰਗਠਨਾਂ ਦੇ ਨਾਲ ਵੀਰਵਾਰ ਨੂੰ ਇਕ ਸਮਝੌਤਾ ਕੀਤਾ। ਤਿੰਨ ਪੱਖੀ ਸਮਝੌਤੇ ’ਤੇ ਰਾਸ਼ਟਰੀ ਰਾਜਧਾਨੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਅਤੇ ਹੋਰਨਾਂ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਗਏ। ਇਸ ਵਿਚ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ 8 ਸਮੂਹ ਸ਼ਾਮਲ ਹਨ।

ਇਨ੍ਹਾਂ 8 ਸਮੂਹਾਂ ਵਿਚ ਆਲ ਆਦਿਵਾਸੀ ਨੈਸ਼ਨਲ ਲਿਬਰੇਸ਼ਨ ਆਰਮੀ, ਆਦਿਵਾਸੀ ਕੋਬਰਾ ਮਿਲੀਟੈਂਟ ਆਫ ਅਸਮ, ਬਿਰਸਾ ਕਮਾਂਡੋ ਫੋਰਸ, ਸੰਥਾਲ ਟਾਈਗਰ ਫੋਰਸ ਅਤੇ ਆਦਿਵਾਸੀ ਪੀਪਲਜ਼ ਆਰਮੀ ਸ਼ਾਮਲ ਹਨ। ਸਮੂਹਾਂ ਦੇ ਨਾਲ 2012 ਤੋਂ ਜੰਗਬੰਦੀ ਸਮਝੌਤਾ ਚੱਲ ਰਿਹਾ ਹੈ। ਸਰਮਾ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਮਝੌਤਾ ਹੋਣ ਨਾਲ ਆਸਾਮ ਵਿਚ ਸ਼ਾਂਤੀ ਅਤੇ ਸਦਭਾਵਨਾ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਪਰੇਸ਼ ਬਰੂਆ ਦੀ ਅਗਵਾਈ ਵਾਲੇ ਉਲਫਾ ਦੇ ਕੱਟੜਪੰਥੀ ਧੜੇ ਅਤੇ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਨੂੰ ਛੱਡ ਕੇ ਸੂਬੇ ਵਿਚ ਸਰਗਰਮ ਹੋਰ ਸਾਰੇ ਬਾਗੀ ਸਮੂਹਾਂ ਨੇ ਸਰਕਾਰ ਦੇ ਨਾਲ ਸ਼ਾਂਤੀ ਸਮਝੌਤਾ ਕਰ ਲਿਆ ਹੈ।

ਤਿਵਾ ਲਿਬਰੇਸ਼ਨ ਆਰਮੀ ਅਤੇ ਯੂਨਾਈਟਿਡ ਗੋਰਖਾ ਪੀਪਲਜ਼ ਆਰਗੇਨਾਈਜ਼ੇਸ਼ਨ ਦੇ ਸਾਰੇ ਮੈਂਬਰਾਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਨਾਲ ਜਨਵਰੀ ਵਿਚ ਆਤਮਸਮਰਪਣ ਕਰ ਦਿੱਤਾ ਸੀ। ਕੁਕੀ ਟ੍ਰਾਈਬਲ ਯੂਨੀਅਨ ਦੇ ਅੱਤਵਾਦੀਆਂ ਨੇ ਅਗਸਤ ਵਿਚ ਆਪਣੇ ਹਥਿਆਰ ਸੁੱਟ ਦਿੱਤੇ ਸਨ। ਦਸੰਬਰ 2020 ਵਿਚ ਬੋਡੋ ਅੱਤਵਾਦੀ ਸਮੂਹ ਐੱਨ. ਡੀ. ਐੱਫ. ਬੀ. ਦੇ ਸਾਰੇ ਧੜਿਆਂ ਦੇ ਲਗਭਗ 4,100 ਮੈਂਬਰਾਂ ਨੇ ਅਧਿਕਾਰੀਆਂ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਸਨ।


Rakesh

Content Editor

Related News