ਮੋਦੀ ਸਰਕਾਰ ਦਾ ਵੱਡਾ ਫ਼ੈਸਲਾ: ਮੈਡੀਕਲ ਕੋਟੇ ’ਚ OBC ਨੂੰ 27 ਫ਼ੀਸਦੀ ਅਤੇ EWS ਨੂੰ ਮਿਲੇਗਾ 10 ਫ਼ੀਸਦੀ ਰਿਜ਼ਰਵੇਸ਼ਨ

07/29/2021 5:01:19 PM

ਨਵੀਂ ਦਿੱਲੀ— ਮੋਦੀ ਸਰਕਾਰ ਨੇ ਮੈਡੀਕਲ ਐਜੂਕੇਸ਼ਨ ਵਿਚ ਰਿਜ਼ਰਵੇਸ਼ਨ ਨੂੰ ਲੈ ਕੇ ਅੱਜ ਯਾਨੀ ਕਿ ਵੀਰਵਾਰ ਨੂੰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਮੈਡੀਕਲ ਐਜੂਕੇਸ਼ਨ ’ਚ ਹੋਰ ਪਿਛੜੀਆਂ ਜਾਤੀਆਂ (ਓ. ਬੀ. ਸੀ.) ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ (ਈ. ਡਬਲਿਊ. ਐੱਸ.) ਲਈ ਰਿਜ਼ਰਵੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਓ. ਬੀ. ਸੀ. ਨੂੰ 27 ਫ਼ੀਸਦੀ ਅਤੇ ਈ. ਡਬਲਿਊ. ਐੱਸ. ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਇਸ ਦਾ ਫਾਇਦਾ ਆਲ ਇੰਡੀਆ ਕੋਟਾ ਸਕੀਮ ਤਹਿਤ ਕਿਸੇ ਵੀ ਸੂਬਾਈ ਸਰਕਾਰ ਵਲੋਂ ਸੰਚਾਲਿਤ ਸੰਸਥਾ ਵਲੋਂ ਲਿਆ ਜਾ ਸਕੇਗਾ। ਕੇਂਦਰ ਦੀਆਂ ਸੰਸਥਾਵਾਂ ’ਚ ਇਹ ਪਹਿਲਾਂ ਹੀ ਲਾਗੂ ਹੈ। ਇਹ ਸਕੀਮ 2021-22 ਦੇ ਸੈਸ਼ਨ ਤੋਂ ਸ਼ੁਰੂ ਹੋਵੇਗੀ।

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰ ਕੇ ਲਿਖਿਆ ਕਿ ਦੇਸ਼ ’ਚ ਮੈਡੀਕਲ ਐਜ਼ੁਕੇਸ਼ਨ ਦੇ ਖੇਤਰ ਵਿਚ ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲਾ ਲਿਆ ਹੈ। ਆਲ ਇੰਡੀਆ ਕੋਟੇ ਤਹਿਤ ਅੰਡਰ ਗਰੈਜੂਏਟ, ਪੋਸਟ ਗਰੈਜੂਏਟ, ਮੈਡੀਕਲ ਅਤੇ ਡੈਂਟਲ ਸਿੱਖਿਆ ’ਚ ਈ. ਡਬਲਿਊ. ਐੱਸ. ਵਰਗ ਦੇ ਵਿਦਿਆਰਥੀਆਂ ਨੂੰ 27 ਫ਼ੀਸਦੀ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ (ਈ. ਡਬਲਿਊ. ਐੱਸ) ਦੇ ਵਿਦਿਆਰਥੀਆਂ ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ 5,550 ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਦੱਸ ਦੇਈਏ ਕਿ ਸਰਕਾਰੀ ਮੈਡੀਕਲ ਕਾਲਜ ਵਿਚ ਮੌਜੂਦ ਕੁੱਲ ਸੀਟਾਂ ’ਚੋਂ ਯੂ. ਜੀ. (ਅੰਡਰ ਗਰੈਜੂਏਟ) ਦੀਆਂ 15 ਫ਼ੀਸਦੀ ਅਤੇ ਪੀ. ਜੀ. (ਪੋਸਟ ਗਰੈਜੂਏਟ) ਦੀਆਂ 50 ਫ਼ੀਸਦੀ ਸੀਟਾਂ ਆਲ ਇੰਡੀਆ ਕੋਟੇ ਵਿਚ ਆਉਂਦੀਆਂ ਹਨ।

Tanu

This news is Content Editor Tanu