ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ‘ਗੁਰੂ ਕ੍ਰਿਪਾ ਟ੍ਰੇਨ’ ਨੂੰ ਲੈ ਕੇ ਰੇਲ ਮੰਤਰੀ ਨੇ ਦਿੱਤਾ ਇਹ ਭਰੋਸਾ

08/06/2022 9:38:44 AM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਰਾਜ ਸਭਾ ’ਚ ਕਿਹਾ ਕਿ ਸਿੱਖ ਸੱਭਿਆਚਾਰ ਦੀਆਂ ਮਹੱਤਵਪੂਰਨ ਥਾਵਾਂ ਨੂੰ ਕਵਰ ਕਰਨ ਵਾਲੀ ਗੁਰੂ ਕ੍ਰਿਪਾ ਟ੍ਰੇਨ ਦੇ ਸਬੰਧ ’ਚ ਵੱਖ-ਵੱਖ ਧਿਰਾਂ ਨਾਲ ਗੱਲਬਾਤ ਜਾਰੀ ਹੈ । ਜਿਵੇਂ ਹੀ ਕੋਈ ਠੋਸ ਸਿੱਟਾ ਨਿਕਲੇਗਾ, ਉਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਜਾਣਕਾਰੀ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਭਾਰਤੀ ਸੰਸਕ੍ਰਿਤੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਲਈ ਭਾਰਤ ਗੌਰਵ ਟ੍ਰੇਨ ਸ਼ੁਰੂ ਕੀਤੀ ਹੈ । ਇਸ ਤਹਿਤ ਰਾਮਾਇਣ ਸਰਕਟ ਪਹਿਲੀ ਰੇਲ ਗੱਡੀ ਹੈ ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਨੂੰ ਲੈ ਕੇ ਕੇਂਦਰ ਨੇ ਦਿੱਤਾ ਸਪੱਸ਼ਟੀਕਰਨ

ਵੈਸ਼ਨਵ ਨੇ ਦੱਸਿਆ ਕਿ ਇਸੇ ਲੜੀ ਵਿੱਚ ਦਿਵਿਆ ਕਾਸ਼ੀ ਅਤੇ ਸ਼ਿਰਡੀ ਸਾਈਂ ਬਾਬਾ ਰੇਲ ਗੱਡੀਆਂ ਵੀ ਆ ਗਈਆਂ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਸਬੰਧ ਵਿੱਚ ਟੂਰ ਆਪਰੇਟਰਾਂ, ਰਾਜ ਸੈਰ ਸਪਾਟਾ ਨਿਗਮਾਂ ਅਤੇ ਹੋਰ ਹਿੱਸੇਦਾਰਾਂ ਨੂੰ ਵੱਖ-ਵੱਖ ਰਾਜ ਸਰਕਾਰਾਂ ਨਾਲ ਜੋੜਿਆ ਜਾਵੇ। ਗੁਰੂ ਕ੍ਰਿਪਾ ਰੇਲ ਗੱਡੀ ਸਬੰਧੀ ਦਿੱਲੀ, ਅੰਮ੍ਰਿਤਸਰ ਅਤੇ ਨਾਂਦੇੜ ਸਾਹਿਬ ਵਿੱਚ ਗੱਲਬਾਤ ਚੱਲ ਰਹੀ ਹੈ। ਕੋਈ ਠੋਸ ਨਤੀਜਾ ਆਉਣ ’ਤੇ ਇਹ ਰੇਲ ਗੱਡੀ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਥੀਮ ਆਧਾਰਿਤ ਟੂਰਿਸਟ ਸਰਕਟ ਟਰੇਨ ‘ਭਾਰਤ ਗੌਰਵ ਟਰੇਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਰੇਲ ਗੱਡੀ ਦਾ ਉਦੇਸ਼ ਭਾਰਤ ਅਤੇ ਦੁਨੀਆ ਦੇ ਲੋਕਾਂ ਨੂੰ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸਕ ਥਾਵਾਂ ਨੂੰ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News