ਨਿਵੇਸ਼ਕਾਂ ਨੂੰ ਸੱਦਾ ਭੇਜਣ ਤੋਂ ਪਹਿਲਾਂ ਹਿਮਾਚਲ ''ਚ ਚੰਗਾ ਮਾਹੌਲ ਤਿਆਰ ਕਰੋ: ਜੈਰਾਮ ਠਾਕੁਰ

12/18/2023 5:33:44 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੂੰ ਪਹਿਲਾ ਪ੍ਰਦੇਸ਼ ਵਿਚ ਉਦਯੋਗਾਂ ਲਈ ਅਨੁਕੂਲ ਮਾਹੌਲ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਫਿਰ ਨਿਵੇਸ਼ਕਾਂ ਨੂੰ ਸੱਦਾ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਦੁਬਈ ਫੇਰੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਮਾਫੀਆ ਉਦਯੋਗਪਤੀਆਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਨਿਵੇਸ਼ਕਾਂ ਨੂੰ ਲੁਭਾਉਣ ਲਈ ਵਿਦੇਸ਼ਾਂ ਦੇ ਦੌਰੇ ਕਰ ਰਹੇ ਹਨ। ਠਾਕੁਰ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਜਦੋਂ ਲਾਲ ਫੀਤਾਸ਼ਾਹੀ ਦੀ ਬਜਾਏ ਸਹਿਯੋਗ ਹੋਵੇਗਾ ਅਤੇ ਸਥਾਨਕ ਕਾਨੂੰਨ ਉਤਸ਼ਾਹਜਨਕ ਹੋਣਗੇ ਤਾਂ ਨਿਵੇਸ਼ਕ ਆਪਣੇ ਆਪ ਸੂਬੇ 'ਚ ਆਉਣਗੇ। ਉਨ੍ਹਾਂ ਕਿਹਾ ਕਿ ਹਰ ਉਦਯੋਗਪਤੀ ਨਿਵੇਸ਼ ਕਰਨ ਤੋਂ ਪਹਿਲਾਂ ਉੱਥੋਂ ਦੀਆਂ ਸਥਿਤੀਆਂ ਦੀ ਜਾਂਚ ਕਰਦਾ ਹੈ।

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਜੈਰਾਮ ਨੇ ਕਿਹਾ ਕਿ ਭਾਜਪਾ ਦੀ ਪਿਛਲੀ ਸਰਕਾਰ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਰਿਆਇਤਾਂ ਦਿੱਤੀਆਂ ਤਾਂ ਜੋ ਉਦਯੋਗਪਤੀ ਹਿਮਾਚਲ ਵਿਚ ਉਦਯੋਗ ਲਗਾਉਣ ਲਈ ਆਉਣ। ਉਨ੍ਹਾਂ ਕਿਹਾ ਕਿ ਹੁਣ ਕਾਨੂੰਨ ਸਖ਼ਤ ਕੀਤੇ ਗਏ ਹਨ, ਰਿਆਇਤਾਂ ਹਟਾ ਦਿੱਤੀਆਂ ਗਈਆਂ ਹਨ ਅਤੇ ਸਬਸਿਡੀਆਂ ਦੀ ਬਜਾਏ ਵਾਧੂ ਟੈਕਸ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ- ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ

 

ਠਾਕੁਰ ਨੇ ਅੱਗੇ ਕਿਹਾ ਕਿ ਸੂਬੇ 'ਚ ਮਾਫੀਆ ਸਰਗਰਮ ਹੈ ਅਤੇ ਦਿਨ-ਦਿਹਾੜੇ ਪੈਸੇ ਦੀ ਲੁੱਟ ਕਰਨ ਲਈ ਗੋਲੀਆਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਫੀਆ ਉਦਯੋਗਪਤੀਆਂ ਨੂੰ ਇਸ ਹੱਦ ਤੱਕ ਧਮਕੀਆਂ ਦੇ ਰਿਹਾ ਹੈ ਕਿ ਉਦਯੋਗਪਤੀ ਸਰਕਾਰ ਨੂੰ ਆਖਰੀ ਚਿਤਾਵਨੀ ਦੇ ਰਹੇ ਹਨ ਕਿ ਉਹ ਆਪਣਾ ਕਾਰੋਬਾਰ ਬੰਦ ਕਰ ਦੇਣਗੇ ਅਤੇ ਕਾਰੋਬਾਰ ਨੂੰ ਦੂਜੇ ਸੂਬਿਆਂ 'ਚ ਲਿਜਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਠਾਕੁਰ ਨੇ ਕਿਹਾ ਕਿ ਅਸੀਂ ਹਿਮਾਚਲ ਨੂੰ ਨਿਵੇਸ਼ਕ ਪੱਖੀ ਬਣਾਇਆ, ਜਿਸ ਕਾਰਨ ਉਦਯੋਗਪਤੀ ਸੂਬੇ ਵਿਚ ਨਿਵੇਸ਼ ਕਰਨ ਲਈ ਸਹਿਮਤ ਹੋਏ। ਸਾਰੀਆਂ ਕਾਨੂੰਨੀ ਪੇਚੀਦਗੀਆਂ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਕਾਰੋਬਾਰ ਕਰਨ 'ਚ ਅਸਾਨੀ ਦੇ ਮਾਮਲੇ ਵਿਚ ਪਹਾੜੀ ਸੂਬਿਆਂ ਵਿਚੋਂ ਨੰਬਰ ਇਕ ਬਣ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu