ਦੇਸ਼ ਦੀ ਜਨਤਾ ਦੇ ਤਾਂ ਨਹੀਂ ਪਰ PM ਨਰਿੰਦਰ ਮੋਦੀ ਦੇ ਆਏ ਅੱਛੇ ਦਿਨ

09/20/2018 1:28:45 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਕੋਠੀ ਹੈ ਅਤੇ ਨਾ ਹੀ ਕਾਰ। ਨਾ ਹੀ ਕੋਈ ਜ਼ਮੀਨ ਹੈ, ਨਾ ਹੀ ਸ਼ੋਅ ਰੂਮ ਅਤੇ ਨਾ ਹੀ ਕੋਈ ਦੁਕਾਨ। ਫਿਰ ਵੀ ਪ੍ਰਧਾਨ ਮੰਤਰੀ ਮੋਦੀ ਦੀ ਜਾਇਦਾਦ ਪੰਜ ਸਾਲਾਂ ਵਿਚ 56 ਫ਼ੀਸਦੀ ਵੱਧ ਗਈ। ਪਰ ਮੋਦੀ ਦੇ ਪਲਾਟ ਦੀ ਕੀਮਤ ਪੰਜ ਵਰ੍ਹਿਆਂ ਮਗਰੋਂ ਵੀ ਨਹੀਂ ਵਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰਫ਼ੋਂ ਦੋ ਦਿਨ ਪਹਿਲਾਂ ਜੋ ਪ੍ਰਧਾਨ ਮੰਤਰੀ ਦਫ਼ਤਰ ਕੋਲ ਸਾਲ 2017-18 ਦੇ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ 'ਚ ਇਹ ਤੱਥ ਉੱਭਰੇ ਹਨ। ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਦੀ ਚੱਲ ਜਾਇਦਾਦ 'ਚ ਕਰੀਬ 120 ਗੁਣਾ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਆਪਣੀ ਪਤਨੀ ਜਸ਼ੋਦਾ ਬੇਨ ਦੀ ਸੰਪਤੀ ਤੋਂ ਅਣਜਾਣ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਮੁਤਾਬਕ ਮੋਦੀ ਕੋਲ ਇਸ ਵੇਲੇ 2.28 ਕਰੋੜ ਰੁਪਏ ਦੀ ਸੰਪਤੀ ਹੈ ਜਦੋਂ ਕਿ ਸਾਲ 2013-14 ਵਿਚ ਇਹ ਸੰਪਤੀ 1.26 ਕਰੋੜ ਰੁਪਏ ਦੀ ਸੀ। ਪੰਜ ਵਰ੍ਹਿਆਂ ਵਿੱਚ ਇਹ ਵਾਧਾ 56 ਫੀਸਦੀ ਬਣਦਾ ਹੈ। ਚੱਲ ਜਾਇਦਾਦ ਜੋ ਹੁਣ 1.28 ਕਰੋੜ ਰੁਪਏ ਦੀ ਹੈ, ਉਹ ਪੰਜ ਵਰ੍ਹੇ ਪਹਿਲਾ 26.12 ਲੱਖ ਰੁਪਏ ਦੀ ਸੀ ਅਤੇ ਇਹ ਵਾਧਾ 120 ਫੀਸਦੀ ਦਾ ਬਣਦਾ ਹੈ। ਸੰਪਤੀ 'ਚ ਮੋਦੀ ਕੋਲ ਗਾਂਧੀ ਨਗਰ ਵਿਚ 169.81 ਵਰਗ ਗਜ਼ ਦਾ ਪਲਾਟ ਹੈ, ਜੋ ਉਨ੍ਹਾਂ ਨੇ 25 ਅਕਤੂਬਰ 2002 ਨੂੰ ਖ਼ਰੀਦਿਆ ਸੀ। ਉਦੋਂ ਮੋਦੀ ਨੇ ਇਹ ਪਲਾਟ 1.30 ਲੱਖ ਰੁਪਏ ਵਿਚ ਖ਼ਰੀਦਿਆ ਸੀ, ਜਿਸ ਦੀ ਕੀਮਤ ਇਸ ਸਮੇਂ ਇਕ ਕਰੋੜ ਰੁਪਏ ਹੈ। ਬੀਤੇ ਪੰਜ ਵਰ੍ਹਿਆਂ ਵਿਚ ਮੋਦੀ ਦੇ ਇਸ ਪਲਾਟ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਜਦੋਂ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠੇ ਸਨ, ਤਾਂ ਉਦੋਂ ਉਨ੍ਹਾਂ ਕੋਲ 1.26 ਕਰੋੜ ਦੀ ਸੰਪਤੀ ਸੀ। ਸਾਲ 2014-15 ਵਿੱਚ ਇਹ ਸੰਪਤੀ 1.41 ਕਰੋੜ, ਸਾਲ 2015-16 ਵਿੱਚ 1.73 ਕਰੋੜ ਦੀ ਅਤੇ ਸਾਲ 2016-17 ਵਿਚ ਇਹ ਸੰਪਤੀ ਵਧ ਕੇ 2 ਕਰੋੜ ਰੁਪਏ ਦੀ ਹੋ ਗਈ ਹੈ। ਭਾਵੇਂ ਮੋਦੀ ਕੋਲ ਧੰਨ ਦੌਲਤ ਏਨੀ ਵੱਡੀ ਨਹੀਂ ਪਰ ਉਨ੍ਹਾਂ ਦੇ ਕੱਪੜੇ ਅਤੇ ਤੋਹਫ਼ੇ ਕਰੋੜਾਂ ਰੁਪਏ ਵਿੱਚ ਨਿਲਾਮ ਹੁੰਦੇ ਹਨ। ਮੋਦੀ ਕੋਲ ਇਸ ਵੇਲੇ 48,944 ਰੁਪਏ ਦੀ ਨਗਦ ਰਾਸ਼ੀ ਹੈ ਅਤੇ 1.32 ਲੱਖ ਰੁਪਏ ਬੈਂਕ ਖਾਤੇ ਵਿਚ ਹਨ। ਉਨ੍ਹਾਂ ਕੋਲ 45 ਗ੍ਰਾਮ ਸੋਨਾ (ਚਾਰ ਮੁੰਦਰੀਆਂ) ਹੈ ਜਿਸ ਦੀ ਕੀਮਤ 1.38 ਲੱਖ ਰੁਪਏ ਹੈ। ਪ੍ਰਧਾਨ ਮੰਤਰੀ ਕੋਲ ਨਾ ਖੇਤੀ ਵਾਲੀ ਜ਼ਮੀਨ ਹੈ ਅਤੇ ਨਾ ਹੀ ਗੈਰ ਜ਼ਰਾਇਤੀ ਜ਼ਮੀਨ।