ਜੀ.ਕੇ. ਵਲੋਂ 6 ਸਾਲਾਂ ਵਿਚ ਕੀਤੀ ਗਈ ਗੋਲਕ ਹੇਰਾਫੇਰੀ ਦੇ ਸਾਰੇ ਪੈਸੇ ਵਸੂਲਣ ਦੇ ਮਤੇ ਨੂੰ ਪ੍ਰਵਾਨਗੀ

11/27/2019 9:03:01 PM

ਨਵੀਂ ਦਿੱਲੀ — ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਹੋਈ, ਜਿਸ ਵਿਚ ਮਨਜੀਤ ਸਿੰਘ ਜੀ.ਕੇ. ਵਲੋਂ ਗੁਰੂ ਦੀ ਗੋਲਕ ਦੀ ਕੀਤੀ ਹੇਰਾਫੇਰੀ ਦੀ ਰਿਕਵਰੀ ਸਮੇਤ ਸਟਾਫ਼ ਨੂੰ 10 ਫ਼ੀਸਦੀ ਡੀ.ਏ. ਦੇਣ ’ਤੇ ਵੀ ਮਤਾ ਪਾਸ ਕੀਤਾ ਗਿਆ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਹੋਈ। ਗੁਰੂ ਮਹਾਰਾਜ ਦੀ ਅਰਦਾਸ ਮਗਰੋਂ ਮੀਟਿੰਗ ਦੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਉਨ੍ਹਾਂ ਨੇ ਅੱਜ ਦੇ ਏਜੰਡੇ ਬਾਰੇ ਮੌਜੂਦ ਮੈਂਬਰਾਂ ਨੂੰ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਪੰਜਾਬੀ ਬਾਗ ਸ਼ਾਖਾ ਵਿਚ ਜੋ ਘੋਟਾਲਾ ਸਾਹਮਣੇ ਆਇਆ ਹੈ, ਦਾ ਗੰਭੀਰ ਨੋਟਿਸ ਲੈਂਦਿਆਂ ਸਕੂਲ ਨੂੰ ਹਦਾਇਤ ਕੀਤੀ ਕਿ ਘੋਟਾਲੇ ਵਿਚ ਸ਼ਾਮਲ ਦਫਤਰ ਸੁਪਰਡੈਂਟ ਅਤੇ ਉਸ ਨਾਲ ਘੋਟਾਲੇ ਵਿਚ ਸ਼ਾਮਲ ਹੋਰ ਸਟਾਫ਼ ਨੂੰ ਤੁਰੰਤ ਮੁਅੱਤਲ ਕਰਨ ਦੀ ਕਾਰਵਾਈ ਆਰੰਭ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਕਾਰਜਕਾਰਨੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਵੀ ਹੇਰਾਫੇਰੀਆਂ ਜੀ. ਕੇ. ਵੱਲੋਂ ਗੁਰੂ ਦੀ ਗੋਲਕ ਦੀਆਂ ਕੀਤੀਆਂ ਗਈਆਂ ਹਨ, ਉਸ ਦਾ ਸਾਰਾ ਹਿਸਾਬ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸੂਬੇਦਾਰ ਹਰਜੀਤ ਸਿੰਘ ਨੂੰ ਗੋਲਕ ਹੇਰਾਫੇਰੀਆਂ ਦੇ ਮਾਮਲੇ ਨੂੰ ਲੈ ਕੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿਚ ਮੁਲਾਜ਼ਮਾਂ ਨੂੰ 10 ਫ਼ੀਸਦੀ ਡੀ. ਏ. ਜਾਰੀ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕਾਲਕਾ ਨੇ ਦੱਸਿਆ ਕਿ ਕਾਰਜਕਾਰਨੀ ਨੇ ਬਾਲਾ ਹਸਪਤਾਲ ਦੀ ਕਾਰ ਸੇਵਾ ਮੁੜ ਤੋਂ ਸ਼ੁਰੂ ਕਰਨ ਲਈ ਬਾਬਾ ਬਚਨ ਸਿੰਘ ਦਾ ਧੰਨਵਾਦ ਕੀਤਾ।

Inder Prajapati

This news is Content Editor Inder Prajapati