'GES-2017' 'ਚ ਇਵਾਂਕਾ ਦੀ ਡਰੈੱਸ ਬਣੀ ਚਰਚਾ ਦਾ ਵਿਸ਼ਾ, ਮੋਦੀ ਨੇ ਦਿੱਤਾ ਇਹ ਖਾਸ ਤੋਹਫਾ (ਤਸਵੀਰਾਂ)

11/29/2017 4:31:47 PM

ਹੈਦਰਾਬਾਦ/ਵਾਸ਼ਿੰਗਟਨ(ਬਿਊਰੋ)—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਨੇ ਮੰਗਲਵਾਰ ਨੂੰ ਹੈਦਰਾਬਾਦ ਵਿਚ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ ਵਿਚ ਹਿੱਸਾ ਲਿਆ। ਜਿੱਥੇ ਇਵਾਂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਪੀ. ਐਮ ਨੇ ਇਵਾਂਕਾ ਲਈ ਖਾਸ ਡਿਨਰ ਦਾ ਵੀ ਪ੍ਰਬੰਧ ਕੀਤਾ ਸੀ। ਮੰਗਲਵਾਰ ਨੂੰ ਇਵਾਂਕਾ ਨੇ ਪ੍ਰੋਗਰਾਮ ਵਿਚ ਹਰੇ ਰੰਗ ਦੀ ਡਰੈੱਸ ਪਹਿਨੀ ਸੀ, ਜੋ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਰਹੀ। ਕਈ ਲੋਕਾਂ ਨੇ ਇਵਾਂਕਾ ਦੇ ਇਸ ਲੁੱਕ ਦੀ ਤਾਰੀਫ ਕੀਤੀ ਤਾਂ ਕਈ ਨੇ ਕਿਹਾ ਇਹ ਕਿਸ ਪ੍ਰਕਾਰ ਦੇ ਕੱਪੜੇ ਹਨ। ਮੰਗਲਵਾਰ ਰਾਤ ਨੂੰ ਦਿੱਤੇ ਗਏ ਡਿਨਰ ਦੌਰਾਨ ਇਵਾਂਕਾ ਨੇ ਦਿੱਗਜ ਭਾਰਤੀ ਡਿਜ਼ਾਇਨਰ ਨੀਤਾ ਲੁੱਲਾ ਦੀ ਡਿਜ਼ਾਇਨ ਕੀਤੀ ਗਈ ਡਰੈੱਸ  ਪਹਿਨੀ। ਇਸ ਗਾਊਨ ਉੱਤੇ ਸੁਨਹਿਰੇ ਧਾਗੇ ਅਤੇ ਇਤਿਹਾਸਕ ਸ਼ਹਿਰ ਵਾਰਾਣਸੀ ਵਿਚ ਬਰੀਕ ਬੁਣਾਈ ਵਾਲੇ ਸਿਲਕ ਦਾ ਇਸਤੇਮਾਲ ਹੋਇਆ ਹੈ ਅਤੇ ਇਸ ਉੱਤੇ ਸਿਤਾਰ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਵਾਂਕਾ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਤੋਹਫਾ ਵੀ ਦਿੱਤਾ। ਪੀ. ਐਮ ਨੇ ਇਵਾਂਕਾ ਨੂੰ ਲੱਕੜੀ ਦਾ ਇਕ ਬਕਸਾ ਗਿਫਟ ਕੀਤਾ। ਇਸ ਬਕਸੇ ਉੱਤੇ ਗੁਜਰਾਤੀ ਦੀ ਫਾਕ ਕਾਰੀਗਰੀ ਕੀਤੀ ਗਈ ਸੀ। ਇਸ ਕਾਰੀਗਰੀ ਨੂੰ ਸਡੇਲੀ ਕਰਾਫਟ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਕਰਾਫਟ ਨੂੰ ਸੂਰਤ ਦੇ ਆਸ ਪਾਸ ਦੇ ਏਰੀਏ ਵਿਚ ਬਣਾਇਆ ਜਾਂਦਾ ਹੈ।
ਪ੍ਰੋਗਰਾਮ ਵਿਚ ਭਾਸ਼ਣ ਦਿੰਦੇ ਹੋਏ ਇਵਾਂਕਾ ਨੇ ਪੀ. ਐਮ ਮੋਦੀ ਦੀ ਜੰਮ ਕੇ ਤਾਰੀਫ ਕੀਤੀ ਅਤੇ ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਅਗਵਾਈ ਵਿਚ ਭਾਰਤ ਦੇ ਵਿਕਾਸ ਦੀ ਤਾਰੀਫ ਕੀਤੀ। ਇਵਾਂਕਾ ਨੇ ਭਾਰਤ ਦੇ ਚੰਦਰਮਾਂ ਅਤੇ ਮੰਗਲ ਮਿਸ਼ਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਭਾਰਤ ਦੀ ਉਪਲਬਧੀ ਕਾਬਿਲੇਤਾਰੀਫ ਹੈ ਅਤੇ ਨਾਲ ਹੀ ਕਿਹਾ ਕਿ ਮੈਂ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਂ ਅਜਿਹੇ ਇਵੇਂਟ ਵਿਚ ਭਾਗ ਲੈ ਰਹੀ ਹਾਂ ਜਿੱਥੇ 1500 ਤੋਂ ਜ਼ਿਆਦਾ ਔਰਤਾਂ ਸਨਅੱਤਕਾਰੀ ਸੰਮੇਲਨ ਵਿਚ ਭਾਗ ਲੈ ਰਹੀਆਂ ਹਾਂ। ਅਮਰੀਕਾ ਵਿਚ ਅਸੀਂ ਔਰਤ ਐਂਟਰਪ੍ਰਿਨਰਸਿੰਪ ਨੂੰ ਅੱਗੇ ਵਧਾਉਣ ਲਈ ਕਈ ਯੋਜਨਾਵਾਂ ਉੱਤੇ ਕੰਮ ਕਰ ਰਹੇ ਹਾਂ।
ਖਾਸਕਰ ਜਾਬ ਸੈਕਟਰ ਵਿਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਉੱਤੇ ਕੰਮ ਕਰ ਰਹੇ ਹਾਂ। ਨਾਲ ਹੀ ਅਜਿਹੇ ਮਾਹੌਲ ਵੱਲ ਵਧ ਰਹੇ ਹਾਂ, ਜਿੱਥੇ ਪਰਿਵਾਰ ਅਤੇ ਜਾਬ ਵਿਚਕਾਰ ਬੈਲੇਂਸ ਹੋਵੇ। ਇਵਾਂਕਾ ਨੇ ਕਿਹਾ ਕਿ ਮਹਿਲਾ ਮਜ਼ਬੂਤੀ ਕਰਨ ਦੇ ਖੇਤਰ ਵਿਚ ਭਾਰਤ ਵਿਚ ਵੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਪ੍ਰਸ਼ੰਸਾਯੋਗ ਹਨ। ਮੋਦੀ ਨੇ ਇਸ ਦੌਰਾਨ ਇਵਾਂਕਾ ਅਤੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਭਾਰਤ ਵੱਲੋਂ ਮਹਿਲਾ ਮਜ਼ਬੂਤੀ ਕਰਨ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਵਿਚ ਉਨ੍ਹਾਂ ਨੇ ਜਨਧਨ ਯੋਜਨਾ, ਉੱਜਵਲ ਯੋਜਨਾ, ਮੁਦਰਾ, ਸਕਿੱਲ ਇੰਡੀਆ ਅਤੇ ਡਾਇਰੈਕਟ ਬੈਨੇਫਿਟ ਟਰਾਂਸਫਰ ਦਾ ਜ਼ਿਕਰ ਕੀਤਾ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵਾਪਸ ਪਰਤਣ ਤੋਂ ਪਹਿਲਾਂ ਇਵਾਂਕਾ ਇਕ ਵਾਰ ਫਿਰ ਸੰਮੇਲਨ ਵਿਚ ਹਿੱਸਾ ਲਵੇਗੀ। ਉਹ ਇਕ ਸੈਸ਼ਨ ਵਿਚ ਭਾਗ ਲਵੇਗੀ। ਇਸ ਦੇ ਇਲਾਵਾ ਇਵਾਂਕਾ ਗੋਲਕੁੰਡਾ ਫੋਰਟ ਅਤੇ ਚਾਰਮੀਨਾਰ ਵੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਜਦੋਂ ਹੈਦਰਾਬਾਦ ਦੇ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਦਾ ਸਵਾਗਤ ਇਕ ਰੋਬੋਟ ਨੇ ਕੀਤਾ। ਇਹ ਰੋਬੋਟ ਭਾਰਤੀ ਹੈ। ਇਸ ਦਾ ਨਾਮ ਹੈ ਮਿੱਤਰਾ। ਮਿੱਤਰਾ ਰੋਬੋਟ ਬੈਂਗਲੁਰੂ ਵਿਚ ਬਣਿਆ ਹੈ, ਇਸ ਨੂੰ ਬਾਲਾਜੀ ਵਿਸ਼ਵਨਾਥਨ ਅਤੇ ਉਨ੍ਹਾਂ ਦੀ 14 ਮੈਂਬਰੀ ਟੀਮ ਨੇ ਮਿਲ ਕੇ ਬਣਾਇਆ ਹੈ। ਸੰਮੇਲਨ ਦੌਰਾਨ 2 ਮਿੱਤਰਾ ਰੋਬੋਟ ਮੌਜੂਦ ਰਹੇ। ਇਕ ਰੋਬੋਟ ਸਟੇਜ ਉੱਤੇ ਮਹਿਮਾਨਾਂ ਨਾਲ ਰਿਹਾ, ਤਾਂ ਦੂਜਾ ਜਨਤਾ ਨਾਲ। ਰੋਬੋਟ ਨੇ ਪੀ. ਐਮ ਮੋਦੀ ਅਤੇ ਇਵਾਂਕਾ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇ ਮਿੱਤਰ ਉੱਤੇ ਬਣਿਆ ਇਕ ਬਟਨ ਦਬਾਇਆ ਅਤੇ ਸਮਿਟ ਦੀ ਸ਼ੁਰੂਆਤ ਕੀਤੀ।
ਇਸ ਪ੍ਰੋਗਰਾਮ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਸਮੇਤ ਹੋਰ ਨੇਤਾ ਸ਼ਾਮਲ ਹੋਏ ਸਨ।