ਚੀਨ ਦੀ ਬੰਦੂਕ ਦੀ ਤਾਕਤ ਵਿਰੁੱਧ ਲੜਦੇ ਰਹਾਂਗੇ: ਦਲਾਈਲਾਮਾ

12/26/2019 12:13:10 PM

ਗਯਾ–ਤਿੱਬਤ ਦੇ ਧਰਮਗੁਰੂ ਦਲਾਈਲਾਮਾ ਨੇ ਚੀਨ ਦੀ ਕਮਿਊਨਿਸਟ ਸਰਕਾਰ ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ। ਦੱਸ ਦੇਈਏ ਕਿ ਉਨ੍ਹਾਂ ਨੇ ਬੁੱਧਵਾਰ ਇਥੋਂ ਦੇ ਇਕ ਮੰਦਰ 'ਚ ਪ੍ਰਵਚਨ ਦਿੰਦਿਆਂ ਕਿਹਾ ਕਿ ਚੀਨ ਸਰਕਾਰ 'ਬੰਦੂਕ ਦੀ ਤਾਕਤ' ’ਤੇ ਚੱਲ ਰਹੀ ਹੈ। ਤਿੱਬਤ ਦੇ ਬੋਧੀ ਸੱਚਾਈ ਦੀ ਸ਼ਕਤੀ ਨਾਲ ਚੀਨ ਸਰਕਾਰ ਦੀ ਵਿਰੋਧਤਾ ਕਰ ਰਹੇ ਹਨ। ਦਲਾਈਲਾਮਾ ਨੇ ਕਿਹਾ ਕਿ 3 ਸਾਲ ਪਹਿਲਾਂ ਹੋਏ ਸਰਵੇਖਣ 'ਚ ਪਤਾ ਲੱਗਾ ਸੀ ਕਿ ਚੀਨ 'ਚ ਤਿੱਬਤੀ ਬੋਧੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਸਾਡੇ ਕੋਲ ਸੱਚ ਦੀ ਤਾਕਤ ਹੈ, ਜਦਕਿ ਚੀਨ ਦੀ ਕਮਿਊਨਿਸਟ ਸਰਕਾਰ ਕੋਲ ਬੰਦੂਕ ਦੀ ਤਾਕਤ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਦਲਾਈਲਾਮਾ ਨੇ ਨਾਲੰਦਾ ਯੂਨੀਵਰਸਿਟੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੁਰਾਤਨ ਭਾਰਤੀ ਸਿੱਖਿਆ ਪ੍ਰਣਾਲੀ ਅਤੇ ਅਹਿੰਸਾ ਦੇ ਗੁਣ ਅੱਜ ਵੀ ਸਾਰਥਕ ਹਨ। ਸਮਾਜਕ ਪ੍ਰਾਣੀ ਹੋਣ ਦੇ ਨਾਤੇ ਅਸੀਂ ਦਯਾ ਤੋਂ ਬਿਨਾਂ ਨਹੀਂ ਰਹਿ ਸਕਦੇ। ਮਾਨਸਿਕ ਸ਼ਾਂਤੀ ਹਾਸਲ ਕਰਨ ਲਈ ਇਹ ਇਕ ਜ਼ਰੂਰੀ ਗੁਣ ਹੈ।

ਦੱਸਣਯੋਗ ਹੈ ਕਿ 60 ਸਾਲ ਪਹਿਲਾਂ 1959 'ਚ ਭਾਰਤ 'ਚ ਸ਼ਰਨ ਲੈਣ ਵਾਲੇ ਦਲਾਈਲਾਮਾ 14 ਦਿਨ ਤੱਕ ਗਯਾ 'ਚ ਰੁਕਣਗੇ। ਪਿਛਲੇ ਸਾਲ ਜਨਵਰੀ 'ਚ ਜਦੋਂ ਉਹ ਗਯਾ ਆਏ ਸਨ ਤਾਂ ਇਕ ਘੱਟ ਤੀਬਰਤਾ ਵਾਲਾ ਬੰਬ ਧਮਾਕਾ ਹੋਇਆ ਸੀ। ਉਨ੍ਹਾਂ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਗਯਾ 'ਚ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ।

Iqbalkaur

This news is Content Editor Iqbalkaur