ਗੈਂਗਸਟਰਾਂ ਦੇ ਡਾਨ ਦੀ ਬਰਥ-ਡੇ ਪਾਰਟੀ ''ਚ ਪੁੱਜੀ ਪੁਲਸ, ਕਈ ਗ੍ਰਿਫਤਾਰ

02/08/2018 9:51:39 PM

ਚੇਨਈ— ਇਕ ਗੈਂਗਸਟਰ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਉਥੇ ਬਿਨਾ ਬੁਲਾਏ ਮਹਿਮਾਨਾਂ ਦੇ ਰੂਪ 'ਚ ਪੁਲਸ ਪਹੁੰਚ ਗਈ। ਚੇਨਈ 'ਚ ਪੁਲਸ ਨੇ ਇਕ ਗੈਂਗਸਟਰ ਦੀ ਬਰਥ ਡੇਅ ਪਾਰਟੀ ਦੌਰਾਨ 67 ਵਾਂਟੇਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ। ਸਾਰੇ ਗੈਂਗਸਟਰ ਆਪਣੇ ਬੌਸ ਦਾ ਜਨਮ ਦਿਨ ਮਨਾਉਣ ਲਈ ਉਸ ਦੇ ਫਾਰਮ ਹਾਊਸ 'ਚ ਇਕੱਠੇ ਹੋਏ ਸਨ, ਜਿਸ ਦੌਰਾਨ ਪੁਲਸ ਨੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ। 
ਜਾਣਕਾਰੀ ਮੁਤਾਬਕ ਸਾਰੇ ਗੈਂਗਸਟਰ ਚੇਨਈ ਦੇ ਬਾਹਰੀ ਇਲਾਕੇ ਮਲਾਈਮਬਕੱਮ ਪਿੰਡ ਤੋਂ ਉਸ ਸਮੇਂ ਫੜ੍ਹੇ ਗਏ ਜਦੋਂ ਉਹ ਡਾਨ ਚੁਲਈਮੇਡੂ ਬਿਨੂੰ ਦੇ ਫਾਰਮ ਹਾਊਸ 'ਤੇ ਬਰਥ ਡੇਅ ਪਾਰਟੀ ਦਾ ਜਸ਼ਨ ਮਨਾ ਰਹੇ ਸਨ। 
ਦਰਅਸਲ ਪੁਲਸ ਟੋਲ ਨਾਕੇ 'ਤੇ ਕਾਰਾਂ ਦੀ ਤਲਾਸ਼ੀ ਲੈ ਰਹੀ ਸੀ, ਜਿਸ ਦੌਰਾਨ ਪੁਲਸ ਨੇ ਇਕ ਕਾਰ 'ਚ ਕਈ ਗੈਂਗਸਟਰਾਂ ਨੂੰ ਜਾਂਦੇ ਹੋਏ ਦੇਖਿਆ। ਇਸ ਬਾਰੇ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਇਹ ਸਭ ਡਾਨ ਚੁਲਈਮੇਡੂ ਬਿਨੂੰ ਦੀ ਬਰਥ ਡੇਅ ਪਾਰਟੀ 'ਤੇ ਜਾ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੇ ਮਲਾਈਮਬਕੱਮ ਪਿੰਡ ਨੇੜੇ ਸਾਰੀਆਂ ਚੌਕੀਆਂ ਅਤੇ ਥਾਣਿਆਂ ਨੂੰ ਅਲਰਟ ਭੇਜਿਆ ਅਤੇ ਸਾਵਧਾਨ ਕੀਤਾ।
ਕੇਕ ਕੱਟਦੇ ਹੀ ਪੁੱਜੀ ਪੁਲਸ
ਪੁਲਸ ਨੇ ਜਦੋਂ ਫਾਰਮ ਹਾਊਸ 'ਤੇ ਛਾਪਾ ਮਾਰਿਆ ਤਾ ਡਾਨ ਉਸ ਸਮੇਂ ਆਪਣੇ ਜਨਮ ਦਿਨ ਦਾ ਕੇਕ ਕੱਟ ਰਿਹਾ ਸੀ। ਪੁਲਸ ਦੇ ਆਉਣ ਦੀ ਖਬਰ ਮਿਲਦੇ ਹੀ ਉਥੇ ਅਫੜਾ-ਦਫੜੀ ਮਚ ਗਈ ਅਤੇ 67 ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਪਰ ਡਾਨ ਚੁਲਈਮੇਡੂ ਅਤੇ ਉਸ ਦੇ ਕੁੱਝ ਸਾਥੀ ਉਥੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਦੱਸ ਦਈਏ ਕਿ ਬਿਨੂੰ ਨੇ ਪਾਰਟੀ ਦੌਰਾਨ ਹੱਥ 'ਚ ਤੇਜ਼ਧਾਰ ਹਥਿਆਰ ਫੜ੍ਹ ਕੇ ਕੇਕ ਕੱਟਣ ਸਮੇਂ ਦੀ ਫੋਟੋ ਵੀ ਖਿਚਵਾਈ ਵੀ ਸੀ।
ਬਰਥ ਡੇਅ ਪਾਰਟੀ 'ਚ ਸ਼ਾਮਲ ਹੋਏ ਮਸ਼ਹੂਰ ਬਦਮਾਸ਼
ਜਾਣਕਾਰੀ ਮੁਤਾਬਕ ਡਾਨ ਦੇ ਫਾਰਮ ਹਾਊਸ 'ਤੇ ਪੁਲਸ ਛਾਪੇ ਦੌਰਾਨ 60 ਮੋਟਰ ਸਾਈਕਲਾਂ, 6 ਲਗਜ਼ਰੀ ਕਾਰਾਂ ਅਤੇ ਭਾਰੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 6 ਫਰਵਰੀ ਨੂੰ ਡਾਨ ਬਿਨੂੰ ਦਾ 47ਵਾਂ ਜਨਮ ਦਿਨ ਸੀ ਅਤੇ ਉਸ ਨੇ ਉਸ ਦਿਨ ਇਕ ਵੱਡੀ ਪਾਰਟੀ ਰੱਖੀ ਸੀ, ਜਿਸ 'ਚ ਉਸ ਨੇ ਕਈ ਵੱਡੇ ਬਦਮਾਸ਼ਾਂ ਨੂੰ ਸੱਦਾ ਭੇਜਿਆ ਸੀ।