ਗੈਂਗਰੇਪ ਦੀ ਕੋਸ਼ਿਸ਼ ਦੇ 48 ਘੰਟਿਆਂ ਬਾਅਦ ਹੀ ਪੀੜਤਾ ਨੂੰ ਮਾਰੀ ਗੋਲੀ

12/18/2019 10:22:47 AM

ਰਾਜਪੁਰ (ਸਾਸਾਰਾਮ)— ਰਾਜਪੁਰ ਥਾਣਾ ਖੇਤਰ ਦੇ ਰਾਮੋਡੀਹ ਪਿੰਡ 'ਚ ਕੁੜੀ ਨਾਲ ਗੈਂਗਰੇਪ ਦੀ ਕੋਸ਼ਿਸ਼ ਦੇ 48 ਘੰਟਿਆਂ ਬਾਅਦ ਹੀ ਉਸ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਕੁੜੀ ਦੀ ਗਰਦਨ 'ਚ ਲੱਗੀ ਹੈ। ਪਿੰਡ ਵਾਸੀਆਂ ਨੇ ਮੌਕੇ 'ਤੇ ਦੌੜ ਰਹੇ ਬਾਈਕ ਸਵਾਰ 2 ਲੋਕਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਦੋਵੇਂ ਗੈਂਗਰੇਪ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਦੇ ਰਿਸ਼ਤੇਦਾਰ ਹਨ। ਸਮੂਹਕ ਬਲਾਤਕਾਰ ਦੀ ਕੋਸ਼ਿਸ਼ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਪਹਿਲਾਂ ਹੀ ਜੇਲ ਭੇਜ ਚੁਕੀ ਹੈ।

ਪੀੜਤਾ ਨੂੰ ਗੋਲੀ ਉਦੋਂ ਮਾਰੀ ਗਈ, ਜਦੋਂ 2 ਦਿਨਾਂ ਤੋਂ ਪਿੰਡ 'ਚ ਤਣਾਅ ਦੇ ਮੱਦੇਨਜ਼ਰ ਤਿੰਨ ਥਾਣਿਆਂ ਦੀ ਪੁਲਸ ਕੈਂਪ ਕਰ ਰਹੀ ਹੈ। ਪੁਲਸ ਪੀੜਤਾ ਦੀ ਬਜਾਏ ਦੋਸ਼ੀਆਂ ਦੇ ਘਰਾਂ ਦੀ ਸੁਰੱਖਿਆ 'ਚ ਲੱਗੀ ਸੀ। ਪੁਲਸ ਦੀ ਤਾਇਨਾਤੀ ਤੋਂ ਸਿਰਫ਼ 150 ਮੀਟਰ ਦੀ ਦੂਰੀ 'ਤੇ ਪੀੜਤਾ ਨੂੰ ਗੋਲੀ ਮਾਰੀ ਗਈ ਪਰ ਪੁਲਸ ਨੂੰ ਭਣਕ ਤੱਕ ਨਹੀਂ ਲੱਗੀ। ਕੁੜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਮੰਗਲਵਾਰ ਦੁਪਹਿਰ 3.30 ਵਜੇ ਦੀ ਹੈ।

ਕੁੜੀ ਨੂੰ ਗਰਦਨ 'ਚ ਗੋਲੀ ਲੱਗੀ ਹੈ। ਪਿੰਡ ਵਾਸੀਆਂ ਵਲੋਂ ਫੜੇ ਗਏ 2 ਨੌਜਵਾਨਾਂ ਹੇਸਾਮ ਅਹਿਮਦ ਅਤੇ ਸ਼ਾਹਰੁਖ ਖਾਨ ਨੂੰ ਹਿਰਾਸਤ 'ਚ ਲੈ ਕੇ ਪੁਲਸ ਪੁੱਛ-ਗਿੱਛ ਕਰ ਰਹੀ ਸੀ। ਮੰਗਲਵਾਰ ਸ਼ਾਮ ਰੋਹਤਾਸ ਡੀ.ਐੱਮ. ਪੰਕਜ ਦੀਕਸ਼ਤ, ਐੱਸ.ਪੀ. ਸੱਤਿਆਵੀਰ ਸਿੰਘ ਵੀ ਰਾਮੋਡੀਹ ਪੁੱਜੇ ਅਤੇ ਦੋਹਾਂ ਪੱਖਾਂ ਦੀ ਸੁਰੱਖਿਆ ਦੇ ਨਿਰਦੇਸ਼ ਦਿੱਤੇ। ਐਤਵਾਰ ਨੂੰ ਆਪਣੀ ਦਾਦੀ ਦੇ ਘਰ ਦੇ ਬਾਹਰ ਸਵੇਰ ਦੀ ਸੈਰ 'ਤੇ ਨਿਕਲੀ ਕੁੜੀ ਨਾਲ ਪਿੰਡ ਦੇ ਹੀ ਚਾਰ ਨੌਜਵਾਨਾਂ ਨੇ ਗੈਂਗਰੇਪ ਦੀ ਕੋਸ਼ਿਸ਼ ਕੀਤੀ ਸੀ।

ਹਥਿਆਰਬੰਦ ਹਮਲਾਵਰਾਂ ਨੇ ਇਹ ਕਹਿ ਕੇ ਕੁੜੀ ਦੇ ਘਰ ਦਾ ਦਰਵਾਜ਼ਾ ਖੁੱਲ੍ਹਵਾਇਆ ਕਿ ਮੀਡੀਆ ਵਾਲੇ ਆਏ ਹਨ। ਜਿਵੇਂ ਹੀ ਆਪਣੇ ਪਿਤਾ ਨਾਲ ਪੀੜਤਾ ਨੇ ਦਰਵਾਜ਼ਾ ਖੋਲ੍ਹ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੌਣ ਹੈ, ਉਦੋਂ ਤੱਕ ਇਕ ਗੋਲੀ ਉਸ ਦੀ ਗਰਦਨ 'ਚ ਲੱਗ ਗਈ ਅਤੇ ਉਹ ਮੌਕੇ 'ਤੇ ਡਿੱਗ ਗਈ।


DIsha

Content Editor

Related News