ਇਸ ਰੇਲਵੇ ਸਟੇਸ਼ਨ ''ਤੇ ਸਿਰਫ ਔਰਤਾਂ ਸੰਭਾਲਦੀਆਂ ਨੇ ਸਾਰੀਆਂ ਜ਼ਿੰਮੇਵਾਰੀਆਂ

02/22/2018 12:37:01 AM

ਜੈਪੁਰ—ਰਾਜਸਥਾਨ 'ਚ ਜੈਪੁਰ ਦਾ ਗਾਂਧੀਨਗਰ ਰੇਲਵੇ ਸਟੇਸ਼ਨ ਦੇਸ਼ ਦਾ ਪਹਿਲਾਂ ਜਨਰਲ ਰੇਲਵੇ ਸਟੇਸ਼ਨ ਬਣ ਗਿਆ ਹੈ, ਜਿਸ ਨੂੰ ਸਿਰਫ ਔਰਤਾਂ ਹੀ ਸੰਭਾਲਣਗੀਆਂ। ਗਾਂਧੀਨਗਰ ਹੁਣ ਆਲ ਵੁਮੇਨ ਰੇਲਵੇ ਸਟੇਸ਼ਨ ਬਣ ਗਿਆ ਹੈ। ਇਸ ਤੋਂ ਪਹਿਲਾਂ ਮੈਟਰੋ ਅਤੇ ਮੁੰਬਈ ਦੇ ਇਕ ਉੱਪਨਗਰ ਰੇਲਵੇ ਸਟੇਸ਼ਨ 'ਤੇ ਇਸ ਤਰ੍ਹਾਂ ਦੀ ਵਰਤੋਂ ਕੀਤੀ ਗਈ ਸੀ।
ਇਸ ਰੇਲਵੇ ਸਟੇਸ਼ਨ 'ਤੇ 40 ਔਰਤਾਂ ਦੀ ਟੀਮ ਸਭ ਤਰ੍ਹਾਂ ਦੇ ਕੰਮ 24 ਘੰਟੇ ਸੰਭਾਲਣਗੀਆਂ। ਔਰਤਾਂ ਦੇ ਸਸ਼ਕਤੀਕਰਨ ਦੇ ਨਾਂ 'ਤੇ ਉਤਰ-ਪੱਛਮੀ ਰੇਲਵੇ ਨੇ ਇਸ ਤਰ੍ਹਾਂ ਦਾ ਵਿਲੱਖਣ ਪ੍ਰਯੋਗ ਸ਼ੁਰੂ ਕੀਤਾ ਹੈ। ਇਸ ਰੇਲਵੇ ਸਟੇਸ਼ਨ 'ਤੇ ਮਾਸਟਰ ਤੋਂ ਲੈ ਕੇ ਇੰਜੀਨੀਅਰ, ਟਿਕਟ ਚੈੱਕਰ, ਮੁੱਖ ਰਿਜ਼ਰਵੇਸ਼ਨ ਸੁਪਰਵਾਈਜ਼ਰ, ਗੇਟਮੈਨ, ਫਲੈਗ ਸੰਕੇਤਕ ਸਾਰੇ ਅਹੁਦਿਆਂ ਤੇ ਔਰਤਾਂ ਹੀ ਕੰਮ ਕਰਨਗੀਆਂ। ਇਥੋਂ ਤਕ ਕਿ ਰੇਲਵੇ ਸਟੇਸ਼ਨ ਦੀ ਸੁਰੱਖਿਆ 'ਚ ਤਾਇਨਾਤ ਜੀ. ਆਰ. ਪੀ. ਦੀ ਟੀਮ 'ਚ ਵੀ ਔਰਤਾਂ ਹੀ ਸ਼ਾਮਲ ਹੋਣਗੀਆਂ।
ਗਾਂਧੀਨਗਰ ਰੇਲਵੇ ਸਟੇਸ਼ਨ ਜੈਪੁਰ ਦਿੱਲੀ ਰੇਲ ਮਾਰਗ 'ਤੇ ਹੈ ਅਤੇ ਇਥੋਂ ਰੋਜ਼ਾਨਾ ਲਗਭਗ 50 ਟਰੇਨਾਂ ਲੰਘਦੀਆਂ ਹਨ ਅਤੇ 25 ਟਰੇਨਾਂ ਰੁਕਦੀਆਂ ਹਨ। ਸ਼ਹਿਰ ਦੇ ਕਰੀਬ 7000 ਯਾਤਰੀ ਰੋਜ਼ਾਨਾ ਗਾਂਧੀਨਗਰ ਰੇਲਵੇ ਸਟੇਸ਼ਨ 'ਤੇ ਟਰੇਨ 'ਚੋਂ ਉਤਰਦੇ ਹਨ ਅਤੇ ਟਰੇਨ 'ਚ ਚੜ੍ਹਦੇ ਹਨ। ਇਥੋਂ ਦੀ ਸਟੇਸ਼ਨ ਮਾਸਟਰ ਇੰਜੇਲਾ ਸਟੇਲਾ ਦਾ ਕਹਿਣਾ ਹੈ ਕਿ ਇਸ ਲਈ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ ਅਤੇ ਅਸੀਂ ਲੜਕੀਆਂ ਇਸ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸਮਰੱਥ ਹਾਂ।