ਪਟਨਾ ਸਾਹਿਬ ਦੇ ਗਾਂਧੀ ਮੈਦਾਨ ''ਚ ਗੂੰਜਣ ਲੱਗੇ ''ਬੋਲੇ ਸੋ ਨਿਹਾਲ'' ਦੇ ਜੈਕਾਰੇ (ਵੀਡੀਓ)

01/04/2017 3:04:35 PM

ਪਟਨਾ ਸਾਹਿਬ — ਸ੍ਰੀ ਹਰਿਮੰਦਰ ਸਾਹਿਬ ਪਟਨਾ ਤੋਂ ਥੋੜ੍ਹੀ ਦੂਰੀ ''ਤੇ ਸਥਿਤ ਹੈ ਗੁਰਦੁਆਰਾ ਗੋਬਿੰਦ ਘਾਟ ਸਾਹਿਬ। ਇਹ ਉਹ ਅਸਥਾਨ ਹੈ ਜਿਥੇ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਨਾਲ ਖੇਡਣ ਜਾਂਦੇ ਸਨ ਅਤੇ ਸ਼ਸਤਰ ਚਲਾਉਣੇ ਸਿੱਖਦੇ ਸਨ। ਗੋਬਿੰਦ ਘਾਟ ਇਸ ਨੂੰ ਇਸ ਕਰ ਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਗੰਗਾ ਦੇ ਕਿਨਾਰੇ ਸਥਿਤ ਹੈ। ਇਥੋਂ ਲੋਕ ਬੇੜੀਆਂ ''ਤੇ ਸਵਾਰ ਹੋ ਕੇ ਪਰਲੇ ਪਾਸੇ ਜਾਂਦੇ ਸਨ। ਇਸ ਜਗ੍ਹਾ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਸਥਿਤ ਹੈ, ਜਿਹੜਾ ਵਰਤਮਾਨ ਸਮੇਂ ''ਚ ਬਹੁਤੀ ਚੰਗੀ ਹਾਲਤ ਵਿਚ ਨਹੀਂ ਹੈ। ਹੁਣ ਇਸ ਗੁਰਦੁਆਰਾ ਸਾਹਿਬ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਬਾਲ ਗੋਬਿੰਦ ਰਾਏ ਜੀ ਦੀ ਸ਼ਖਸੀਅਤ ਨਾਲ ਜੁੜੇ 2 ਪੱਖਾਂ ਨੂੰ ਇਹ ਘਾਟ ਉਜਾਗਰ ਕਰਦਾ ਹੈ। ਇਹ ਅਸਥਾਨ ਬੇਹੱਦ ਰਮਣੀਕ ਹੈ। ਇਸ ਗੁਰਦੁਆਰਾ ਸਾਹਿਬ ਨੂੰ ਕੰਗਣ ਘਾਟ ਵੀ ਕਿਹਾ ਜਾਂਦਾ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਇਕ ਵਾਰ ਬਾਲਕ ਗੋਬਿੰਦ ਨੇ ਆਪਣੀ ਬਾਂਹ ਵਾਲਾ ਸੋਨੇ ਦਾ ਕੜਾ ਗੰਗਾ ਵਿਚ ਸੁੱਟ ਦਿੱਤਾ ਤੇ ਉਨ੍ਹਾਂ ਇਹ ਦਰਸਾਉਣ ਦਾ ਯਤਨ ਕੀਤਾ ਕਿ ਮਾਇਆ ਨਾਲ ਮੋਹ ਨਹੀਂ ਕਰਨਾ ਚਾਹੀਦਾ। ਇਸ ਘਟਨਾ ਦਾ ਦੇਖਣ ਵਾਲਿਆਂ ''ਤੇ ਬਹੁਤ ਅਸਰ ਹੋਇਆ ਅਤੇ ਉਹ ਬਾਲ ਗੋਬਿੰਦ ਤੋਂ ਬਹੁਤ ਪ੍ਰਭਾਵਿਤ ਹੋਏ। ਗੋਬਿੰਦ ਘਾਟ ਵੱਲ 2 ਇਕੱਠੇ ਰਸਤੇ ਜਾਂਦੇ ਹਨ, ਜਿਥੋਂ ਲੰਘ ਕੇ ਸ਼ਰਧਾਲੂ ਗੰਗਾ ਕਿਨਾਰੇ ਪਹੁੰਚਦੇ ਹਨ। ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਿਲ ਹੋਣ ਆਏ ਸ਼ਰਧਾਲੂਆਂ ਲਈ ਇਥੇ ਵੀ ਇਕ ਟੈਂਟ ਸਿਟੀ ਉਸਾਰਿਆ ਗਿਆ ਹੈ, ਜਿਥੇ ਮੰਜਿਆਂ ਅਤੇ ਬਿਸਤਰਿਆਂ ਦਾ ਖਾਸ ਪ੍ਰਬੰਧ ਹੈ ਅਤੇ ਨਾਲ ਹੀ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ। 
ਸਿੱਖੀ ਦੀ ਮਹਿਕ ਵੰਡ ਰਿਹਾ ਹੈ ਗੁਲਾਬ ਸਿੰਘ
ਬਾਲ ਲੀਲਾ ਸਾਹਿਬ ਗੁਰਦੁਆਰਾ ਵਿਖੇ ਸਰਾਂ ਦੀ 6ਵੀਂ ਮੰਜ਼ਿਲ ਦੀ ਛੱਤ ''ਤੇ ਲਖਨਊ ਦੇ ਪਿੰਡ ਹਾਜੀਪੁਰ ਦਾ ਰਹਿਣ ਵਾਲਾ ਬ੍ਰਿਜੇਸ਼ ਕੁਮਾਰ ਗੁਲਾਬ ਦੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ। ਗੁਰੂ ਸਾਹਿਬ ਦੀ ਪਾਵਨ ਦਾਤ ਅੰਮ੍ਰਿਤ ਛਕ ਕੇ ਉਹ ਸਿੰਘ ਸਜ ਗਿਆ ਹੈ ਤੇ ਉਸ ਨੇ ਆਪਣਾ ਨਾਂ ਗੁਲਾਬ ਸਿੰਘ ਰੱਖ ਲਿਆ ਹੈ। ਉਸ ਦੀ ਪਤਨੀ ਦਾ ਨਾਂ ਹੁਣ ਰੀਤੂ ਕੌਰ ਅਤੇ ਬੇਟੀ ਦਾ ਨਾਂ ਸਿਮਰਨ ਕੌਰ ਹੋ ਗਿਆ ਹੈ। ਬ੍ਰਿਜੇਸ਼ 4 ਸਾਲ ਪਹਿਲਾਂ ਸੰਤ ਭੂਰੀ ਵਾਲਿਆਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜ ਗਿਆ। ਗੁਲਾਬ ਸਿੰਘ ਨੇ ਆਪਣੇ ਹੱਥੀਂ ਪੈਦਾ ਕੀਤੇ ਫੁੱਲਾਂ ਨਾਲ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਪੂਰੇ ਮਾਹੌਲ ਨੂੰ ਮਹਿਕਾਉਣ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਫੁੱਲਾਂ ਦੀ ਖੇਤੀ ਕਰਨ ਵਾਲਾ ਇਹ ਪਰਿਵਾਰ ਸੰਤ ਭੂਰੀ ਵਾਲਿਆਂ ਦਾ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਇਸ ਪਰਿਵਾਰ ਨੂੰ ਗੁਰੂ ਦੇ ਲੜ ਲਾਇਆ।
ਸਹੂਲਤਾਂ ਨਾਲ ਲੈਸ ਹਨ ਤੰਬੂ
ਸਾਰੇ ਤੰਬੂਆਂ ''ਚ ਫੋਲਡਿੰਗ ਬੈੱਡ ਲਾਏ ਗਏ ਹਨ, ਜਿਥੇ ਗਰਮ ਕੰਬਲ ਅਤੇ ਹੋਰ ਕੱਪੜਿਆਂ ਦੀ ਵਿਵਸਥਾ ਕੀਤੀ ਗਈ ਹੈ। ਬੀਤੀ ਸ਼ਾਮ ਤੱਕ ਗਾਂਧੀ ਮੈਦਾਨ ਦੇ ਟੈਂਟ ਸਿਟੀ ਵਿਚ 800 ਦੇ ਕਰੀਬ ਸ਼ਰਧਾਲੂ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਸਨ।  ਪ੍ਰਸ਼ਾਸਨ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ ''ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਸ਼ਰਧਾਲੂਆਂ ਦੇ ਨਹਾਉਣ ਵਾਸਤੇ ਗਰਮ ਪਾਣੀ ਦੀ ਵਿਵਸਥਾ ਹੈ ਅਤੇ ਵਿਸ਼ੇਸ਼ ਤੌਰ ''ਤੇ ਪਖਾਨੇ ਵੀ ਉਸਾਰੇ ਗਏ ਹਨ। ਗਾਂਧੀ ਮੈਦਾਨ ਵਿਚ ਜਾਣ ਲਈ ਵੱਖ-ਵੱਖ ਗੇਟ ਬਣਾਏ ਗਏ ਹਨ, ਹਰ ਗੇਟ ਦੇ ਨਾਲ ਇਕ ਜੋੜਾ ਘਰ ਬਣਾਇਆ ਗਿਆ ਹੈ। ਸਾਰੇ ਰਸਤਿਆਂ ''ਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਬੰਦੋਬਸਤ ਕੀਤਾ ਗਿਆ ਹੈ। 
ਸ਼ਹਿਰ ''ਚ ਸਥਿਤ ਗਾਂਧੀ ਮੈਦਾਨ ਪੂਰੀ ਤਰ੍ਹਾਂ ਗੁਰੂ ਦੇ ਰੰਗ ''ਚ ਰੰਗਿਆ ਗਿਆ ਹੈ, ਜਿਸ ਅੰਦਰ ਅੱਜ ਤੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣ ਲੱਗੇ ਹਨ। ਗਾਂਧੀ ਮੈਦਾਨ ''ਚ ਪੂਰੀ ਤਰ੍ਹਾਂ ਨਾਲ ਇਕ ਵੱਖਰਾ ਸ਼ਹਿਰ ਵੱਸ ਗਿਆ ਹੈ, ਜਿਥੇ ਵਿਸ਼ੇਸ਼ ਤੌਰ ''ਤੇ ਉਸਾਰੇ ਗਏ ਤੰਬੂਆਂ ''ਚ 18000 ਦੇ ਕਰੀਬ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।  5 ਜਨਵਰੀ ਦਾ ਵਿਸ਼ੇਸ਼ ਸਮਾਗਮ ਮੁੱਖ ਪੰਡਾਲ ਵਿਚ ਹੋਵੇਗਾ, ਜਿਥੇ ਪਹੁੰਚੀਆਂ ਸੰਗਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸੰਬੋਧਨ ਕਰਨਗੀਆਂ। ਇਸ ਪੰਡਾਲ ਦੀ ਸਮਰੱਥਾ ਡੇਢ ਲੱਖ ਤੋਂ ਵੀ ਜ਼ਿਆਦਾ ਹੈ, ਜਦਕਿ ਪੂਰੇ ਕੰਪਲੈਕਸ ਵਿਚ 20 ਲੱਖ ਦੇ ਕਰੀਬ ਸੰਗਤ ਦੇ ਬੈਠਣ ਦਾ ਪ੍ਰਬੰਧ ਹੈ। 
ਸੁਰੱਖਿਆ ਦੇ ਸਖ਼ਤ ਪ੍ਰਬੰਧ 
ਗਾਂਧੀ ਮੈਦਾਨ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਡੀ. ਜੀ. ਪੀ. ਖੁਦ ਕਰ ਰਹੇ ਹਨ। ਬੀਤੀ ਸ਼ਾਮ ਡੀ. ਜੀ. ਪੀ. ਨੇ ਹੋਰ ਉੱਚ ਅਧਿਕਾਰੀਆਂ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਕ ਅੰਦਾਜ਼ੇ ਅਨੁਸਾਰ 1500 ਦੇ ਕਰੀਬ ਸੁਰੱਖਿਆ ਮੁਲਾਜ਼ਮ ਗਾਂਧੀ ਮੈਦਾਨ ਵਿਚ ਤਾਇਨਾਤ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਮਹਿਲਾ ਮੁਲਾਜ਼ਮਾਂ ਦੀ ਵੀ ਹੈ। ਜਾਣਕਾਰੀ ਅਨੁਸਾਰ ਮੁੱਖ ਸਮਾਗਮ ਵਾਲੇ ਦਿਨ ਇਥੇ 1500 ਹੋਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਵਿਸ਼ੇਸ਼ ਕਮਾਂਡੋ ਦਸਤੇ ਅਤੇ 2 ਦਰਜਨ ਸਵੈਟ ਕਮਾਂਡੋ ਸ਼ਾਮਿਲ ਹਨ।