ਗਲਵਾਨ ਘਾਟੀ ਮਾਮਲਾ : ਨੀਤੀ ਤਬਦੀਲੀ ਦਾ ਸਹੀਂ ਸਮਾਂ

06/18/2020 3:50:05 AM

ਨਵੀਂ ਦਿੱਲੀ - ਗਲਵਾਨ ਘਾਟੀ 'ਚ ਹੋਈ ਘਟਨਾ ਭਾਰਤ ਚੀਨ ਦੀ ਸਰਹੱਦ 'ਤੇ ਹੋਣ ਵਾਲੀ ਕੋਈ ਛੋਟੀ ਝੜਪ ਨਹੀਂ ਹੈ। ਇੱਕ ਕਮਾਂਡਿੰਗ ਅਫਸਰ ਸਮੇਤ 20 ਜਵਾਨਾਂ ਦਾ ਵੀਰਗਤੀ ਨੂੰ ਪ੍ਰਾਪਤ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਐੱਲ.ਏ.ਸੀ. ਦੀ ਦੋਵਾਂ ਦੇਸ਼ਾਂ ਦੀ ਵੱਖ-ਵੱਖ ਪਰਿਭਾਸ਼ਾ ਹੈ ਅਤੇ ਹਰ ਵਾਰ ਜਦੋਂ ਚੀਨੀ ਗਸ਼ਤ ਦਲ ਸਾਡੇ ਇਲਾਕੇ 'ਚ ਆਏ ਹਨ, ਅਸੀਂ ਉਸ ਨੂੰ ਜਾਂ ਤਾਂ ਨਜ਼ਰਅੰਦਾਜ਼ ਕੀਤਾ ਜਾਂ ਫਿਰ ਪਰਿਭਾਸ਼ਾ ਦਾ ਅੰਤਰ ਦੱਸ ਕੇ ਟਾਲ ਦਿੱਤਾ। ਹਰ ਸਾਲ ਇਹੀ ਹੁੰਦਾ ਰਿਹਾ ਹੈ ਅਤੇ ਕਈ ਵਾਰ ਗੱਲ ਝੜਪ ਤੱਕ ਵੀ ਆ ਪਹੁੰਚੀ ਸੀ। 1967 ਤੋਂ ਬਾਅਦ ਅੱਜ ਤੱਕ ਲੱਦਾਖ ਅਤੇ ਸਿੱਕਿਮ 'ਚ ਕਈ ਵਾਰ ਲੜਾਈ ਵਰਗੇ ਹਾਲਤ ਬਣਨ ਦੇ ਬਾਵਜੂਦ ਵੀ ਮਾਮਲਾ ਗੱਲਬਾਤ ਨਾਲ ਟਲ ਗਿਆ। ਦੋਵਾਂ ਹੀ ਖੇਤਰਾਂ 'ਚ ਚੀਨ ਨੇ ਤੇਜ਼ੀ ਨਾਲ ਸੜਕਾਂ ਅਤੇ ਸੰਚਾਰ ਅਤੇ ਰਹਿਣ ਦੇ ਹੋਰ ਸਾਧਨਾਂ ਦਾ ਵਿਕਾਸ ਕੀਤਾ ਹੈ।
ਚੀਨ ਨੇ ਪਿਛਲੇ ਕੁੱਝ ਮਹੀਨਿਆਂ 'ਚ ਪੂਰਬੀ ਲੱਦਾਖ 'ਚ ਅਕਸਾਈ ਚਿਨ ਦੇ ਇਲਾਕੇ 'ਚ ਫ਼ੌਜੀ ਟੁਕੜੀਆਂ ਦੀ ਤਾਇਨਾਤੀ ਕਰਣੀ ਸ਼ੁਰੂ ਕਰ ਦਿੱਤੀ ਸੀ। ਜਵਾਬ 'ਚ ਜਦੋਂ ਸਾਡੇ ਦਲ ਅੱਗੇ ਪਹੁੰਚਣ ਲੱਗੇ ਤਾਂ ਚੀਨ ਨੇ ਸੂਚਨਾ ਵਾਤਾਵਰਣ 'ਚ ਅਜਿਹਾ ਜਾਲ ਫੈਲਾਇਆ ਜਿਸ ਨਾਲ ਦੁਨੀਆ ਨੂੰ ਲੱਗੇ ਕਿ ਭਾਰਤ ਲੜਾਈ ਵਰਗੀ ਸਥਿਤੀ ਪੈਦਾ ਕਰ ਰਿਹਾ ਹੈ। ਐੱਲ.ਏ.ਸੀ. ਦਾ ਸਰਹੱਦ ਪ੍ਰਬੰਧਨ ਆਈ.ਟੀ.ਬੀ.ਪੀ., ਜੋ ਕਿ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੀ ਹੈ ਅਤੇ ਫ਼ੌਜ ਦੀ ਸਾਂਝੀ ਜ਼ਿੰਮੇਦਾਰੀ ਹੈ ਅਤੇ ਕਈ ਦਹਾਕਿਆਂ ਤੋਂ ਸਰਹੱਦੀ ਵਿਵਾਦ ਗੱਲਬਾਤ ਅਤੇ ਫਲੈਗ ਮੀਟਿੰਗ ਵਰਗੇ ਤਰੀਕਿਆਂ ਨਾਲ ਸੁਲਝਾਏ ਜਾਂਦੇ ਰਹੇ ਹਨ। ਇਨ੍ਹਾਂ 'ਚ ਵੀ ਦੋਵੇਂ ਧਿਰ ਬਿਨਾਂ ਹਥਿਆਰ ਦੇ ਮਿਲਦੇ ਹਨ ਅਤੇ ਆਪਣਾ-ਆਪਣਾ ਪੱਖ ਰੱਖਦੇ ਹਨ।
ਇਸ ਖੇਤਰ 'ਚ ਦੌਲਤ ਬੇਗ ਓਲਡੀ (ਡੀ.ਬੀ.ਓ.) ਦੀ ਹਵਾਈ ਪੱਟੀ ਰਣਨੀਤਕ ਨਜ਼ਰ ਨਾਲ ਬਹੁਤ ਮਹੱਤਵਪੂਰਣ ਹੈ। ਕਾਰਾਕੋਰਮ ਦੱਰੇ ਅਤੇ ਉੱਥੋਂ ਲੰਘਣ ਵਾਲੇ ਚੀਨ ਪਾਕਿਸਤਾਨ ਮਹਾਮਾਰਗ ਦੇ ਇਹ ਹਵਾਈ ਪੱਟੀ ਕੁੱਝ ਹੀ ਦੂਰ ਹੈ। ਇਹ ਪੱਟੀ ਲੜਾਈ ਦੀ ਸਥਿਤੀ 'ਚ ਫ਼ੌਜੀ ਉਪਕਰਣਾਂ ਨੂੰ ਲੱਦਾਖ 'ਚ ਲੈ ਜਾਣ ਦਾ  ਇੱਕ ਮਹੱਤਵਪੂਰਣ ਹਿੱਸਾ ਵੀ ਹੈ। 2008 'ਚ ਹਵਾਈ ਫੌਜ ਨੇ ਇਸ ਨੂੰ ਮੁੜ ਸਰਗਰਮ ਕੀਤਾ ਅਤੇ ਛੋਟੇ ਹਵਾਈ ਜਹਾਜ਼ ਵੀ ਉਤਾਰੇ। ਗਲਵਾਨ ਘਾਟੀ ਦੇ ਆਸ ਪਾਸ ਦੀਆਂ ਚੋਟੀਆਂ 'ਤੇ ਚੀਨੀ ਇਕੱਠ ਨਾਲ ਇਸ ਹਵਾਈ ਪੱਟੀ ਤੱਕ ਸਾਡਾ ਪਹੁੰਚਣਾ ਅਸੰਭਵ ਹੋ ਜਾਂਦਾ। 
ਇਸ ਲਈ ਚੀਨ ਨੇ ਹਮਲਾਵਰ ਰੁਖ ਅਪਣਾਇਆ ਅਤੇ ਉੱਥੇ ਆਪਣੀਆਂ ਟੁਕੜੀਆਂ ਤਾਇਨਾਤ ਕੀਤੀਆਂ। 
ਗੱਲਬਾਤ ਦੁਆਰਾ ਦੋਵਾਂ ਧਿਰਾਂ ਦਾ ਵਾਪਸ ਹੱਟਣਾ ਤੈਅ ਹੋਇਆ ਅਤੇ ਚੀਨੀ ਧਿਰ ਨੂੰ ਇਹੀ ਗੱਲ ਦੱਸਣ  ਲਈ ਸਾਡੀ ਟੁਕੜੀ ਪ੍ਰਚਲਿਤ ਨਿਯਮ ਅਧੀਨ ਹਥਿਆਰਾਂ ਤੋਂ ਬਗੈਰ ਉਥੇ ਪਹੁੰਚੀ। ਅੱਗੇ ਕੀ ਹੋਇਆ ਸਭ ਜਾਣਦੇ ਹਨ। ਇਸ ਘਟਨਾ ਨੂੰ ਇਸ ਤਰ੍ਹਾਂ ਛੱਡਣਾ ਗਲਤ ਹੋਵੇਗਾ। ਨਿਹੱਥੇ ਭਾਰਤੀ ਫ਼ੌਜੀਆਂ ਨੂੰ ਇਸ ਤਰ੍ਹਾਂ ਘੇਰ ਕੇ ਮਾਰਨਾ ਹੱਤਿਆ ਅਤੇ ਗੰਭੀਰ ਯੁੱਧ ਅਪਰਾਧ ਦੇ ਅਧੀਨ ਆਉਂਦਾ ਹੈ। ਫ਼ੌਜੀ ਦਬਾਅ ਬਣਾਏ ਰੱਖਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਚੀਨ ਦੀ ਇਹ ਹਰਕਤ ਉਜਾਗਰ ਕਰਣੀ ਹੋਵੇਗੀ। ਸਰਹੱਦ 'ਤੇ ਗੱਲਬਾਤ ਉਦੋਂ ਤੱਕ ਹੀ ਯੋਗ ਹੈ ਜਦੋਂ ਤੱਖ ਕਿ ਦੂਜੀ ਧਿਰ ਵੀ ਉਸ 'ਤੇ ਅਮਲ ਕਰੇ।
ਅੱਗੇ ਆਉਣ ਵਾਲੇ ਦਿਨ ਤਣਾਅ ਭਰੇ ਹੋਣਗੇ। ਜਲਦਬਾਜ਼ੀ 'ਚ ਫ਼ੌਜੀ ਕਾਰਵਾਈ ਸਹੀਂ ਨਹੀਂ ਹੋਵੇਗੀ 'ਤੇ ਫ਼ੌਜੀ ਕਾਰਵਾਈ ਨਹੀਂ ਕਰਣਾ ਵੀ ਗਲਤ ਹੋਵੇਗਾ। ਸਮਾਂ ਹੈ ਕਿ ਬ੍ਰਿਗੇਡ ਅਤੇ ਬਟਾਲੀਅਨ ਕਮਾਂਡਰਾਂ ਨੂੰ ਫ਼ੈਸਲਾ ਲੈਣ ਦੀ ਆਜ਼ਾਦੀ ਦਿੱਤੀ ਜਾਵੇ। ਅਜਿਹੀਆਂ ਘਟਨਾਵਾਂ ਨਾਲ ਫ਼ੌਜ ਦੇ ਮਨੋਬਲ 'ਤੇ ਡੂੰਘਾ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਸਥਾਨਕ ਪੱਧਰ 'ਤੇ ਛੋਟ ਦੇਣ ਨਾਲ ਭਵਿੱਖ 'ਚ ਅਜਿਹੀਆਂ ਘਟਨਾਵਾਂ ਨਾ ਸਿਰਫ ਘੱਟ ਹੋਣਗੀਆਂ, ਸਗੋਂ ਅਜਿਹਾ ਕਰਣ ਤੋਂ ਪਹਿਲਾਂ ਦੁਸ਼ਮਣ ਦਸ ਵਾਰ ਸੋਚਣਗੇ। 
ਸਰਕਾਰ ਨੂੰ ਚਾਹੀਦਾ ਹੈ ਕਿ ਕੂਟਨੀਤਕ ਪੱਧਰ 'ਤੇ ਸਖ਼ਤ ਕਦਮ ਚੁੱਕੇ ਅਤੇ ਚੀਨ ਦੇ ਇਸ ਦੋਗਲੇਪਨ ਨੂੰ ਦੁਨੀਆ ਦੇ ਸਾਹਮਣੇ ਰੱਖੇ। ਸਮਾਂ ਹੈ ਆਪਣੀ ਚੀਨ ਨੀਤੀ 'ਚ ਪੂਰਣ ਤਬਦੀਲੀ ਕਰਣਾ ਹੋਵੇਗਾ।  ਸਮਾਂ ਹੈ ਫ਼ੌਜੀਆਂ ਦੀ ਜਾਨ ਦਾ ਸਨਮਾਨ ਕਰਣ ਦਾ। ਫ਼ੌਜੀ ਮਰਨ ਨਾਲ ਨਹੀਂ ਸਗੋਂ ਅਨਿਸ਼ਚਿਤਤਾ ਤੋਂ ਡਰਦਾ ਹੈ। ਅੰਤਰ ਸਮਝਿਆ ਜਾਣਾ ਚਾਹੀਦਾ ਹੈ।  ਚੀਨ ਦਾ ਬਾਈਕਾਟ ਰਣਨੀਤਕ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਹਰ ਪੱਧਰ 'ਤੇ ਹੋਣਾ ਚਾਹੀਦਾ ਹੈ। ਇਹੀ ਸਾਡੇ ਬਹਾਦਰਾਂ ਨੂੰ ਸਹੀਂ ਸ਼ਰਧਾਂਜਲੀ ਹੋਵੇਗੀ।
 

Inder Prajapati

This news is Content Editor Inder Prajapati