ਚੀਨ ਨੂੰ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼: ਲੱਦਾਖ ’ਚ ਵੀ ਜੀ-20 ਦੀਆਂ ਬੈਠਕਾਂ ਕਰ ਸਕਦੈ ਭਾਰਤ

07/07/2022 10:40:32 AM

ਨਵੀਂ ਦਿੱਲੀ– ਚੀਨ ਦੇ ਇਤਰਾਜ਼ ਨੂੰ ਅਣਗੌਲਿਆਂ ਕਰਦੇ ਹੋਏ ਭਾਰਤ ਅਗਲੇ ਸਾਲ ਨਾ ਸਿਰਫ ਜੰਮੂ-ਕਸ਼ਮੀਰ ਸਗੋਂ ਲੱਦਾਖ ਵਿਚ ਵੀ ਜੀ-20 ਦੀਆਂ ਬੈਠਕਾਂ ਕਰ ਸਕਦਾ ਹੈ। ਇਸ ਨੂੰ ਭਾਰਤ ਵਲੋਂ ਚੀਨ ਨੂੰ ਸਖਤ ਅਤੇ ਦੋ-ਟੁੱਕ ਸੰਦੇਸ਼ ਵਜੋਂ ਦੇਖਿਆ ਜਾ ਸਕਦਾ ਹੈ। ਭਾਰਤ ਇਸ ਸਾਲ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੇਗਾ।

ਉਸ ਨੇ 2023 ਵਿਚ ਜੀ-20 ਨੇਤਾਵਾਂ ਦੇ ਸ਼ਿਖਰ ਸੰਮੇਲਨ ਲਈ ਜੰਮੂ-ਕਸ਼ਮੀਰ ਦੇ ਨਾਂ ਦਾ ਪ੍ਰਸਤਾਵ ਦਿੱਤਾ ਹੈ। ਸ਼ਿਖਰ ਸੰਮੇਲਨ ਤੋਂ ਪਹਿਲਾਂ ਵੀ ਜੀ-20 ਦੀਆਂ ਕਈ ਬੈਠਕਾਂ ਹੋਣਗੀਆਂ। ਭਾਰਤ ਨੇ ਵੈਨਿਊ ਵਜੋਂ ਲੱਦਾਖ ਦੇ ਨਾਂ ਦਾ ਵੀ ਪ੍ਰਸਤਾਵ ਦਿੱਤਾ ਹੈ। ਲੱਦਾਖ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪਿਛਲੇ ਲਗਭਗ 2 ਸਾਲਾਂ ਤੋਂ ਤਣਾਅ ਵਾਲਾ ਮਾਹੌਲ ਹੈ। ਕੁਝ ਥਾਵਾਂ ’ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟੀਆਂ ਹਨ ਪਰ ਅੜਿੱਕਾ ਅਜੇ ਬਰਕਰਾਰ ਹੈ।

ਰਿਪੋਰਟ ਮੁਤਾਬਕ ਲੱਦਾਖ ਪ੍ਰਸ਼ਾਸਨ ਨੇ ਜੀ-20 ਮੀਟਿੰਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਐੱਲ. ਜੀ. ਆਰ. ਕੇ. ਮਤੁਆ ਨੇ ਬੈਠਕ ਨੂੰ ਲੈ ਕੇ ਇਕ ਸੀਨੀਅਰ ਆਈ. ਏ. ਐੱਸ. ਅਫਸਰ ਅਤੇ ਇਕ ਆਈ. ਪੀ. ਐੱਸ. ਅਫਸਰ ਨੂੰ ਵਿਦੇਸ਼ ਮੰਤਰਾਲਾ ਦੇ ਨਾਲ ਤਾਲਮੇਲ ਲਈ ਨੋਡਲ-ਆਫਿਸਰ ਨਿਯੁਕਤ ਕੀਤਾ ਹੈ।

ਚੀਨ ਨੇ ਪ੍ਰਗਟਾਇਆ ਇਤਰਾਜ਼

ਜੰਮੂ-ਕਸ਼ਮੀਰ ਵਿਚ ਜੀ-20 ਬੈਠਕ ਕਰਵਾਏ ਜਾਣ ਦੀਆਂ ਰਿਪੋਰਟਾਂ ’ਤੇ ਚੀਨ ਨੇ ਇਤਰਾਜ਼ ਪ੍ਰਗਟਾਇਆ ਹੈ। ਉਥੋਂ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਪਿਛਲੇ ਹਫਤੇ ਪ੍ਰੈੱਸ ਬ੍ਰੀਫਿੰਗ ਵਿਚ ਇਸ ਨਾਲ ਜੁੜੇ ਇਕ ਸਵਾਲ ’ਤੇ ਕਿਹਾ ਸੀ, ਕਿ ਅਸੀਂ ਪ੍ਰਾਸੰਗਿਕ ਸੂਚਨਾ ਦਾ ਨੋਟਿਸ ਲਿਆ ਹੈ। ਕਸ਼ਮੀਰ ’ਤੇ ਚੀਨ ਦਾ ਰੁਖ਼ ਬਿਲਕੁਲ ਸਪੱਸ਼ਟ ਹੈ। ਪਾਕਿਸਤਾਨ ਵੀ ਜੰਮੂ-ਕਸ਼ਮੀਰ ਵਿਚ ਜੀ-20 ਬੈਠਕ ਕਰਵਾਏ ਜਾਣ ਦਾ ਵਿਰੋਧ ਕੀਤਾ ਹੈ।

Rakesh

This news is Content Editor Rakesh