ਜੀ. ਐੱਸ. ਟੀ. ਨਾਲ ਪਹਿਲੇ 15 ਦਿਨਾਂ ''ਚ ਹੀ ਹੋਈ ਮਾਲੀਏ ਦੀ ਬਾਰਿਸ਼

07/21/2017 6:50:04 AM

ਨਵੀਂ ਦਿੱਲੀ- ਜੀ. ਐੱਸ. ਟੀ. ਨੂੰ ਲਾਗੂ ਹੋਇਆਂ ਅਜੇ ਸਿਰਫ 20 ਦਿਨ ਹੀ ਹੋਏ ਹਨ ਅਤੇ ਇਸ ਨੇ ਆਪਣੇ ਜ਼ਬਰਦਸਤ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਡਿਊਟੀ (ਸੀ. ਬੀ. ਈ. ਸੀ.) ਦੇ ਅੰਕੜਿਆਂ ਅਨੁਸਾਰ ਜੀ. ਐੱਸ. ਟੀ. ਲਾਗੂ ਹੋਣ ਦੇ ਸ਼ੁਰੂਆਤੀ 15 ਦਿਨਾਂ ਦੇ ਅੰਕੜਿਆਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਨਵੇਂ ਟੈਕਸ ਕਾਨੂੰਨ ਨਾਲ ਮਾਲੀਏ ਦੀ ਬਾਰਿਸ਼ ਹੋਈ ਹੈ। ਮਹੀਨਾ-ਦਰ-ਮਹੀਨਾ ਆਧਾਰ 'ਤੇ ਇਸ 'ਚ 11 ਫ਼ੀਸਦੀ ਦਾ ਵਾਧਾ ਹੋਇਆ ਹੈ।
ਸੀ. ਬੀ. ਈ. ਸੀ. ਦੀ ਮੁਖੀ ਵਨਜਾ ਸਰਨਾ ਨੇ ਦੱਸਿਆ ਕਿ ਕਸਟਮ ਡਿਊਟੀ ਤੋਂ ਠੀਕ-ਠਾਕ ਮਾਲੀਆ ਪ੍ਰਾਪਤ ਹੋਇਆ ਹੈ। ਸਾਨੂੰ ਉਮੀਦ ਹੈ ਕਿ ਮਾਲੀਏ ਦੀ ਮਾਤਰਾ ਪਿਛਲੇ ਮਹੀਨੇ ਜਿੰਨੀ ਹੀ ਹੋਵੇਗੀ। ਹਾਲਾਂਕਿ ਅਸੀਂ ਸਾਲ-ਦਰ-ਸਾਲ ਆਧਾਰ 'ਤੇ ਇਸ 'ਚ ਬਹੁਤ ਜ਼ਿਆਦਾ ਵਾਧੇ ਦੀ ਉਮੀਦ ਨਹੀਂ ਕਰ ਰਹੇ ਹਾਂ। 30 ਜੂਨ ਦੀ ਅੱਧੀ ਰਾਤ ਤੋਂ 15 ਦਿਨਾਂ 'ਚ ਕੁਲ 12,673 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ।  
ਜੀ. ਐੱਸ. ਟੀ. ਤੋਂ ਪ੍ਰਾਪਤ ਕੁਲ ਮਾਲੀਏ ਬਾਰੇ ਉਨ੍ਹਾਂ ਦੱਸਿਆ ਕਿ ਇਸ ਦਾ ਪਹਿਲਾ ਅੰਦਾਜ਼ਾ ਅਕਤੂਬਰ ਤੱਕ ਹੀ ਮਿਲ ਸਕੇਗਾ ਕਿਉਂਕਿ ਵਪਾਰੀ ਸਤੰਬਰ 'ਚ ਰਿਟਰਨ ਦਾਖਲ ਕਰਨਗੇ। ਉਨ੍ਹਾਂ ਕਿਹਾ, ''ਸਾਨੂੰ ਜੀ. ਐੱਸ. ਟੀ. ਸ਼ਾਸਨ ਦਾ ਘੱਟ ਤੋਂ ਘੱਟ ਇਕ ਤਿਮਾਹੀ (ਜੁਲਾਈ, ਅਗਸਤ, ਸਤੰਬਰ) ਦਾ ਅੰਕੜਾ ਚਾਹੀਦਾ ਹੋਵੇਗਾ, ਜੋ ਅਕਤੂਬਰ 'ਚ ਆਵੇਗਾ। ਮਾਲੀਏ ਦਾ ਮੁਲਾਂਕਣ ਕਰਨ ਲਈ ਘੱਟ ਤੋਂ ਘੱਟ ਤਿੰਨ ਮਹੀਨਿਆਂ ਦੇ ਅੰਕੜਿਆਂ ਨੂੰ ਵੇਖਣਾ ਪੈਂਦਾ ਹੈ।''
ਹਾਲਾਂਕਿ ਇਸ ਨਵੀਂ ਅਪ੍ਰਤੱਖ ਟੈਕਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਕੁਲ ਮਾਲੀਏ 'ਚ ਹੋਏ ਵਾਧੇ ਦੀ ਸਟੀਕ ਜਾਣਕਾਰੀ ਅਕਤੂਬਰ ਤੋਂ ਪਹਿਲਾਂ ਨਹੀਂ ਮਿਲ ਸਕੇਗੀ ਕਿਉਂਕਿ ਉਦੋਂ ਤੱਕ ਇਸ ਵਿਵਸਥਾ ਨੂੰ ਸ਼ੁਰੂ ਹੋਏ ਨੂੰ 3 ਮਹੀਨੇ ਹੋ ਜਾਣਗੇ। ਸੀ. ਬੀ. ਈ. ਸੀ. ਨੇ ਕਿਹਾ ਕਿ 1 ਤੋਂ 15 ਜੁਲਾਈ ਦਰਮਿਆਨ ਦਰਾਮਦ ਤੋਂ ਪ੍ਰਾਪਤ ਕੁਲ ਮਾਲੀਆ 12,673 ਕਰੋੜ ਰੁਪਏ ਰਿਹਾ, ਜਦੋਂ ਕਿ ਜੂਨ ਮਹੀਨੇ 'ਚ ਇਸੇ ਮਿਆਦ 'ਚ ਇਹ 11,405 ਕਰੋੜ ਰੁਪਏ ਸੀ।
ਹਾਲਾਂਕਿ ਜੀ. ਐੱਸ. ਟੀ. ਦੀਆਂ ਦਰਾਂ ਨੂੰ 'ਟੈਕਸ ਨਿਊਟਰਲ' ਰੱਖਿਆ ਗਿਆ ਹੈ, ਤਾਂ ਕਿ ਟੈਕਸ ਦੀਆਂ ਦਰਾਂ ਜਿੰਨੀਆਂ ਪਹਿਲਾਂ ਸਨ, ਓਨੀਆਂ ਹੀ ਰਹਿਣ। ਸਰਨਾ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਇਸ ਨਾਲ ਮਾਲੀਆ ਵਾਧਾ ਦਰ 'ਚ ਕਿਸੇ ਤਰ੍ਹਾਂ ਦੀ ਗਿਰਾਵਟ ਹੀ ਆਵੇਗੀ। ਉਨ੍ਹਾਂ ਕਿਹਾ, ''ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਵਪਾਰੀਆਂ ਨੂੰ ਮਿਲੇਗਾ ਪਰ ਟੈਕਸ ਆਧਾਰ 'ਚ ਵਾਧੇ ਨਾਲ ਮਾਲੀਏ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਹਾਲਾਂਕਿ ਡਿਜੀਟਾਈਜ਼ੇਸ਼ਨ ਨਾਲ ਟੈਕਸ ਆਧਾਰ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਪਰ ਅਜੇ ਇਸ 'ਤੇ ਜ਼ਿਆਦਾ ਕੁੱਝ ਕਹਿਣਾ ਜਲਦਬਾਜ਼ੀ ਹੋਵੇਗੀ।
ਬੁੱਧਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਇਕ ਮੀਟਿੰਗ 'ਚ ਦੱਸਿਆ ਸੀ ਕਿ ਜੀ. ਐੱਸ. ਟੀ. ਨਾਲ ਟੈਕਸ ਆਧਾਰ 'ਚ ਵਾਧਾ ਹੋਣ ਨਾਲ-ਨਾਲ ਵਸਤਾਂ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਜੀ. ਐੱਸ. ਟੀ. ਦੀ ਵਜ੍ਹਾ ਨਾਲ 1 ਜੁਲਾਈ ਤੋਂ ਬਾਅਦ ਵਸਤਾਂ ਦੀਆਂ ਕੀਮਤਾਂ 'ਚ 4 ਤੋਂ 8 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਹੁਣ ਤੱਕ 75 ਲੱਖ ਵਪਾਰੀਆਂ ਨੇ ਇਸ ਦੇ ਤਹਿਤ ਰਜਿਸਟ੍ਰੇਸ਼ਨ ਕਰਵਾ ਲਈ ਹੈ।