ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਭਾਜਪਾ ਸਰਕਾਰ ਤੋਂ ਉੱਠਿਆ ਭਰੋਸਾ : ਠਾਕਰੇ

07/24/2017 5:38:21 AM

ਮੁੰਬਈ— ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਆਪਣੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਲਾਉੇਂਦਿਆਂ ਕਿਹਾ ਕਿ ਜੀ. ਐੱਸ. ਟੀ. ਅਤੇ ਨੋਟਬੰਦੀ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਤੇ ਸੂਬਾ ਸਰਕਾਰ ਤੋਂ ਭਰੋਸਾ ਉਠ ਗਿਆ ਹੈ। ਠਾਕਰੇ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਨਾਲ ਆਪਣੇ ਜਨਮ ਦਿਨ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਰਵਾਇਤੀ ਸਾਲਾਨਾ ਇੰਟਰਵਿਊ ਲੜੀ ਵਿਚ ਭਾਜਪਾ 'ਤੇ ਤਿੱਖਾ ਵਾਰ ਕੀਤਾ।
ਵਸਤੂ ਤੇ ਸੇਵਾ ਟੈਕਸ  (ਜੀ. ਐੱਸ. ਟੀ.) ਲਾਗੂ ਕੀਤੇ ਜਾਣ ਨਾਲ ਨਾਰਾਜ਼ਗੀ ਦੇ ਸਵਾਲ 'ਤੇ ਠਾਕਰੇ ਨੇ ਕਿਹਾ ਕਿ ਹਾਂ ਅਸੀਂ ਨਾਰਾਜ਼ ਹਾਂ। ਅਸੀਂ ਚੁੱਪ ਨਹੀਂ ਰਹਾਂਗੇ। ਅਸੀਂ ਹੀ ਸਭ ਤੋਂ ਪਹਿਲਾਂ ਇਸ ਗੱਲ ਨੂੰ ਚੁੱਕਿਆ ਸੀ ਕਿ ਜੀ. ਐੱਸ. ਟੀ. ਨਾਲ ਲੋਕ ਕਿਵੇਂ ਪ੍ਰਭਾਵਿਤ ਹੋਣਗੇ। ਹੁਣ ਉਨ੍ਹਾਂ ਨੇ ਹੀ ਫੈਸਲਾ ਕਰਨਾ ਹੈ ਕਿ ਇਸ ਨੂੰ ਸਹੀਏ ਜਾਂ ਇਸ ਨਾਲ ਲੜੀਏ।
ਊਧਵ ਠਾਕਰੇ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਦੀ ਭਾਜਪਾ ਵਾਲੀ ਸਰਕਾਰ ਜੇਕਰ ਸਹੀ ਢੰਗ ਨਾਲ ਕਰਜ਼ਾ ਮੁਆਫੀ ਯੋਜਨਾ ਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਭਾਂਡਾ ਭੰਨਣ ਤੋਂ ਨਹੀਂ ਝਿਜਕੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਭ ਤੋਂ ਪਹਿਲਾਂ ਕਰਜ਼ਾ ਮੁਆਫੀ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿਚ ਮਹਾਰਾਸ਼ਟਰ ਚੋਟੀ 'ਤੇ ਬਣਿਆ ਹੋਇਆ ਹੈ।