ਅੱਜ ਤੋਂ ਮੈਟਰੋ ਵਿਚ ਸਫਰ ਕਰਨਾ ਪਵੇਗਾ ਮਹਿੰਗਾ

10/10/2017 1:54:07 AM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਾਲਿਆਂ ਨੂੰ ਅੱਜ (10 ਅਕਤੂਬਰ) ਤੋਂ ਮੈਟਰੋ ਵਿਚ ਸਫਰ ਕਰਨ ਲਈ ਜ਼ਿਆਦਾ ਰੁਪਏ ਖਰਚ ਕਰਨੇ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲੱਖ ਮਨ੍ਹਾ ਕਰਨ ਦੇ ਬਾਅਦ ਵੀ ਡੀ. ਐੱਮ. ਆਰ. ਸੀ. ਨੇ ਕਿਰਾਇਆ ਵਧਾਉਣ ਦੇ ਫੈਸਲੇ ਨੂੰ ਬਦਲਿਆ ਨਹੀਂ ਹੈ। ਅੱਜ ਤੋਂ ਮੈਟਰੋ ਦੇ ਕਿਰਾਏ ਵਿਚ 20 ਤੋਂ 33 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਕਿਰਾਇਆ ਵੱਧਣ ਦੇ ਬਾਅਦ ਮੈਟਰੋ ਯਾਤਰੀਆਂ ਦੀ ਗਿਣਤੀ ਘੱਟ ਗਈ ਸੀ। ਬਾਵਜੂਦ ਇਸ ਦੇ ਡੀ. ਐੱਮ. ਆਰ. ਸੀ. ਨੇ ਮੈਟਰੋ ਦੇ ਕਿਰਾਏ ਵਿਚ ਫਿਰ ਤੋਂ ਵਾਧਾ ਕੀਤਾ ਹੈ। ਫਿਲਹਾਲ ਘੱਟ ਤੋਂ ਘੱਟ ਕਿਰਾਇਆ 10 ਰੁਪਏ ਜ਼ਿਆਦਾ ਤੋਂ ਜ਼ਿਆਦਾ ਕਿਰਾਇਆ 50 ਰੁਪਏ ਨਿਰਧਾਰਿਤ ਹੈ ਪਰ 10 ਅਕਤੂਬਰ ਤੋਂ ਕਿਰਾਇਆ 60 ਰੁਪਏ ਹੋ ਗਿਆ ਹੈ। 


ਡੀ. ਐੱਮ. ਆਰ. ਸੀ. ਦੀ ਜਾਣਕਾਰੀ ਅਨੁਸਾਰ ਮੈਟਰੋ ਵਿਚ ਸਫਰ ਕਰਨ ਲਈ ਹੁਣ 2 ਕਿਲੋਮੀਟਰ ਲਈ 10 ਰੁਪਏ ਅਤੇ 2 ਤੋਂ 5 ਕਿਲੋਮੀਟਰ ਲਈ 20 ਰੁਪਏ ਦੇਣੇ ਪੈਣਗੇ। ਪਹਿਲਾਂ 5 ਕਿੱਲੋਮੀਟਰ ਲਈ 15 ਰੁਪਏ ਦੇਣੇ ਪੈਂਦੇ ਸੀ। ਇਸੇ ਤਰ੍ਹਾਂ 5 ਤੋਂ 12 ਕਿਲੋਮੀਟਰ ਲਈ 20 ਰੁਪਏ ਦੀ ਜਗ੍ਹਾ 30 ਰੁਪਏ ਦੇਣੇ ਪੈਣਗੇ। ਸਮਾਰਟ ਕਾਰਡ ਦਾ ਇਸਤੇਮਾਲ ਕਰਨ ਵਾਲੇ ਯਾਤਰੀਆਂ ਨੂੰ 10 ਫੀਸਦੀ ਦੀ ਛੋਟ ਮਿਲਦੀ ਰਹੇਗੀ। ਡੀ. ਐੱਮ. ਆਰ. ਸੀ. ਅਨੁਸਾਰ ਮੈਟਰੋ ਦੇ ਕੁੱਲ ਯਾਤਰੀਆਂ ਵਿਚ 70 ਫੀਸਦੀ ਸਮਾਰਟ ਕਾਰਡ ਉਪਭੋਗਤਾ ਹਨ।