ਪਹਿਲਾਂ ਦੋਸਤ ਦੀ 6 ਸਾਲਾ ਬੱਚੀ ਨਾਲ ਕੀਤਾ ਰੇਪ, ਫਿਰ ਗਲਾ ਵੱਢ ਕਰ ਦਿੱਤਾ ਕਤਲ

09/16/2019 10:17:35 AM

ਲਖਨਊ— ਉੱਤਰ ਪ੍ਰਦੇਸ਼ 'ਚ ਲਖਨਊ ਦੇ ਸਆਦਤਗੰਜ ਖੇਤਰ 'ਚ ਇਕ ਦਰਿੰਦੇ ਨੇ ਆਪਣੇ ਦੋਸਤ ਦੀ 6 ਸਾਲਾ ਬੱਚੀ ਨਾਲ ਰੇਪ ਕੀਤਾ ਅਤੇ ਬਾਅਦ 'ਚ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਬੁਲਾਰੇ ਅਨੁਸਾਰ ਪੁਰਾਣੇ ਲਖਨਊ ਦੇ ਸਆਦਤਗੰਜ ਇਲਾਕੇ 'ਚ ਰਹਿਣ ਵਾਲੀ 6 ਸਾਲਾ ਬੱਚੀ ਐਤਵਾਰ ਦੁਪਹਿਰ ਬਾਅਦ ਤੋਂ ਗਾਇਬ ਸੀ। ਕਾਫੀ ਦੇਰ ਤੱਕ ਬੱਚੀ ਘਰ ਨਹੀਂ ਪੁੱਜੀ। ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਪਰਿਵਾਰ ਵਾਲਿਆਂ ਨੇ ਬਾਅਦ 'ਚ ਸਆਦਤਗੰਜ ਥਾਣੇ 'ਚ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਬੱਚੀ ਦੇ ਪਿਤਾ ਨੇ ਆਪਣੇ ਦੋਸਤ ਬੱਬਲੂ 'ਤੇ ਬੱਚੀ ਨੂੰ ਗਾਇਬ ਕਰਨ ਦਾ ਸ਼ੱਕ ਜ਼ਾਹਰ ਕੀਤਾ। ਉਸ ਤੋਂ ਬਾਅਦ ਪੁਲਸ ਠਾਕੁਰਗੰਜ ਸਥਿਤ ਬੱਬਲੂ ਦੇ ਘਰ ਪੁੱਜੀ ਤਾਂ ਦੋਸ਼ੀ ਨਸ਼ੇ ਦੀ ਹਾਲਤ 'ਚ ਮਿਲਿਆ। ਪੁਲਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਕਾਫ਼ੀ ਦੇਰ ਤੱਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦਰਮਿਆਨ ਬੱਚੀ ਦੇ ਘਰਵਾਲੇ ਮੁੜ ਦੋਸ਼ੀ ਦੇ ਘਰ ਪੁੱਜ ਗਏ ਅਤੇ ਹੰਗਾਮੇ ਦੇ ਸ਼ੱਕ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਦਬਾਅ 'ਤੇ ਪੁਲਸ ਨੇ ਬੱਬਲੂ ਦੇ ਘਰ ਲੱਗਾ ਤਾਲਾ ਤੋੜ ਦਿੱਤਾ ਅਤੇ ਤਲਾਸ਼ੀ ਲਈ ਤਾਂ ਉਸ ਦੇ ਬੈੱਡ ਹੇਠੋਂ ਬੱਚੀ ਨੰਗੀ ਹਾਲਤ 'ਚ ਖੂਨ ਨਾਲ ਲੱਥਪੱਥ ਮਿਲੀ। ਪੁਲਸ ਬੱਚੀ ਨੂੰ ਲੈ ਕੇ ਟਰਾਮਾ ਸੈਂਟਰ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਬੱਚੀ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਵੱਢਣ ਦੇ ਨਿਸ਼ਾਨ ਸਨ। ਘਟਨਾ ਤੋਂ ਗੁੱਸਾਏ ਬੱਚੀ ਦੇ ਪਰਿਵਾਰ ਵਾਲਿਆਂ ਨੇ ਰਾਤ ਨੂੰ ਟਰਾਮਾ ਸੈਂਟਰ ਅਤੇ ਵਜ਼ੀਰਬਾਗ 'ਚ ਜੰਮ ਕੇ ਹੰਗਾਮਾ ਕੀਤਾ ਅਤੇ ਬਾਅਦ 'ਚ ਦੋਸ਼ੀ ਦੇ ਘਰ ਵੀ ਭੰਨ-ਤੋੜ ਕੀਤੀ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਨੂੰ ਦੇਖਦੇ ਹੋਏ ਪੁਲਸ ਅਤੇ ਪੀ.ਏ.ਸੀ. ਤਾਇਨਾਤ ਕਰਨੀ ਪਈ। ਦੱਸਣਯੋਗ ਹੈ ਕਿ ਦੋਸ਼ੀ ਬੱਬਲੂ ਅਤੇ ਬੱਚੀ ਦੇ ਪਿਤਾ ਦੀ ਆਪਸ 'ਚ ਦੋਸਤੀ ਸੀ। ਦੋਹਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ। ਬੱਬਲੂ ਭਵਨ ਨਿਰਮਾਣ ਦੀ ਸਮੱਗਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ ਪਰ ਨਸ਼ੇ ਦੀ ਆਦਤ ਕਾਰਨ ਦੁਕਾਨਦਾਰ ਨੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਸੀ। ਬੱਚੀ ਦੇ ਪਿਤਾ ਅਨੁਸਾਰ ਐਤਵਾਰ ਦੁਪਹਿਰ ਬੱਬਲੂ ਉਸ ਦੇ ਘਰ ਆਇਆ। ਦੋਹਾਂ ਨੇ ਇਕੱਠੇ ਖਾਣਾ ਖਾਧਾ। ਇਸ ਤੋਂ ਬਾਅਦ ਉਹ ਘਰੋਂ ਨਿਕਲੇ। ਬੱਚੀ ਦਾ ਪਿਤਾ ਦੁਕਾਨ 'ਤੇ ਚੱਲਾ ਗਿਆ। ਥੋੜ੍ਹੀ ਦੇਰ ਬਾਅਦ ਬੱਬਲੂ ਫਿਰ ਦੋਸਤ ਦੇ ਘਰ ਪੁੱਜਿਆ। ਉਸ ਨੇ ਦੋਸਤੀ ਦੀ ਬੇਟੀ ਨੂੰ ਬਹਾਨੇ ਨਾਲ ਬੁਲਾਇਆ ਅਤੇ ਆਪਣੇ ਨਾਲ ਲੈ ਕੇ ਚੱਲਾ ਗਿਆ। ਘਰ ਲਿਜਾ ਕੇ ਉਸ ਨੇ ਬੱਚੀ ਨਾਲ ਰੇਪ ਕੀਤਾ ਅਤੇ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਬੱਚੀ ਦੋਸ਼ੀ ਨੂੰ ਮਾਮਾ ਬੋਲਦੀ ਸੀ।

DIsha

This news is Content Editor DIsha