ਹਿਮਾਚਲ ''ਚ ਤਾਜ਼ਾ ਬਰਫਬਾਰੀ, ਕੜਾਕੇ ਦੀ ਠੰਡ ਕਾਰਨ ਘਰਾਂ ''ਚ ਦੱਬੇ ਲੋਕ

01/17/2020 6:36:23 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ 'ਚ ਨਾਰਕੰਢਾ ਅਤੇ ਹਾਟੂ ਪੀਕ ਸਮੇਤ ਚੋਟੀਆਂ 'ਚ ਫਿਰ ਤੋਂ ਬਰਫਬਾਰੀ ਹੋਈ ਹੈ। ਬਰਫਬਾਰੀ ਕਾਰਨ ਐੱਨ.ਐੱਚ-5 'ਤੇ ਦੋਬਾਰਾ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਜ਼ਿਲਾ ਕੁੱਲੂ 'ਚ ਬਰਫਬਾਰੀ ਦਾ ਦੌਰ ਜਾਰੀ ਹੈ। ਅੱਜ ਵੀ ਸੂਬੇ ਦੇ ਕਈ ਇਲਾਕਿਆਂ 'ਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਦੂਜੇ ਪਾਸੇ ਸੂਬੇ ਦੇ ਬਰਫੀਲੇ ਖੇਤਰਾਂ 'ਚ ਬਿਜਲੀ-ਪਾਣੀ ਦੀ ਸਮੱਸਿਆ ਹੁਣ ਵੀ ਬਣੀ ਹੋਈ ਹੈ। ਕੁੱਲੂ ਜ਼ਿਲੇ ਦੀਆਂ ਪਹਾੜੀਆਂ ਦੇ ਨਾਲ ਪੇਂਡੂ ਇਲਾਕੇ ਬਰਫ ਨਾਲ ਲੱਦੇ ਹੋਏ ਹਨ।

ਬਰਫਬਾਰੀ ਨਾਲ ਦਰਜਨਾਂ ਸੜਕਾਂ 'ਤੇ ਆਵਾਜਾਈ ਬੰਦ ਹੋ ਗਈ ਹੈ। ਰੋਹਤਾਂਗ 'ਚ 60, ਜਲੋੜੀ ਦੱਰੇ 'ਚ 45, ਸੋਲੰਗਨਾਲਾ 'ਚ 20 ਸੈਂਟੀਮੀਟਰ ਤਾਜ਼ਾ ਬਰਫਬਾਰੀ ਹੋਣ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਦੂਜੇ ਪਾਸੇ ਬਰਫਬਾਰੀ ਨੇ ਹਾਈਵੇਅ 305 ਨੂੰ ਪਿਛਲੇ ਇਕ ਹਫਤੇ ਤੋਂ ਬਹਾਲ ਕਰਨ 'ਚ ਜੁੱਟੇ ਐੱਨ.ਐੱਚ. ਅਥਾਰਿਟੀ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਸੈਂਜ ਘਾਟੀ ਨੂੰ ਜੋੜਨ ਵਾਲਾ ਲਾਰਜੀ-ਸੈਂਜ ਨਿਊਲੀ ਮਾਰਗ ਵਾਰ-ਵਾਰ ਬੰਦ ਹੋ ਰਿਹਾ ਹੈ। ਬੀਤੀ ਰਾਤ ਨੂੰ ਵੀ ਮਾਰਗ ਬੰਦ ਰਿਹਾ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਕਬਾਇਲੀ ਜ਼ਿਲਾ ਲਾਹੌਲ 'ਚ ਅੱਜ ਭਾਵ ਸ਼ੁੱਕਰਵਾਰ ਸਵੇਰ ਤੋਂ ਹਲਕੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਇਕ ਵਾਰ ਫਿਰ ਘਾਟੀ ਕੜਾਕੇ ਦੀ ਠੰਡ ਦੀ ਲਪੇਟ 'ਚ ਹੈ। ਲੋਕ ਘਰਾਂ 'ਚ ਦੱਬੇ ਹੋਏ ਹਨ। ਲਾਹੌਲ ਦੇ ਸਿਮਸੂ 'ਚ ਫਸੇ ਬੀਮਾਰ ਪੁਲਸ ਕਾਂਸਟੇਬਲ ਨੂੰ 4 ਫੁੱਟ ਬਰਫ 'ਚ 5 ਕਿਲੋਮੀਟਰ ਚੁੱਕ ਕੇ ਅਟਲ ਸੁਰੰਗ ਤੋਂ ਕੁੱਲੂ ਲਿਆਂਦਾ ਗਿਆ ਹਾਲਾਂਕਿ ਬੀਤੇ ਦਿਨ ਇਕ ਪ੍ਰਾਈਵੇਟ ਹੈਲੀਕਾਪਟਰ ਦੀ ਮਦਦ ਨਾਲ ਬੀਮਾਰ ਜਵਾਨ ਨੂੰ ਕੁੱਲੂ ਲਿਆਂਦਾ ਜਾਣਾ ਸੀ ਪਰ ਰੋਹਤਾਂਗ ਦੱਰੇ 'ਚ ਮੌਸਮ ਖਰਾਬ ਹੋਣ ਨਾਲ ਉਡਾਣਾਂ ਪ੍ਰਭਾਵਿਤ ਹੋ ਗਈਆਂ ਸੀ।

Iqbalkaur

This news is Content Editor Iqbalkaur