ਬੀਮਾ ਦਾਅਵਾ ਦਿਵਾਉਣ ਦੇ ਨਾਂ ’ਤੇ 500 ਲੋਕਾਂ ਤੋਂ ਠੱਗੇ 12 ਕਰੋੜ ਰੁਪਏ, ਦੋ ਗ੍ਰਿਫ਼ਤਾਰ

07/27/2022 6:08:48 PM

ਨਵੀਂ ਦਿੱਲੀ– ਦਿੱਲੀ ਪੁਲਸ ਨੇ ਠੱਗਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਦੋ ਵਿਅਕਤੀਆਂ ਨੇ ਬੀਮਾ ਪਾਲਿਸੀ ਦਾ ਦਾਅਵਾ ਦਿਵਾਉਣ ਦੇ ਨਾਂ ’ਤੇ 500 ਤੋਂ ਵਧੇਰੇ ਲੋਕਾਂ ਨਾਲ 12 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਐੱਸ. ਐੱਸ. ਕੁਮਾਰ ਅਤੇ ਏ. ਨਾਇਕ ਦੇ ਤੌਰ ’ਤੇ ਹੋਈ ਹੈ। ਦੋਹਾਂ ਦੀ ਉਮਰ 29 ਸਾਲ ਹੈ। ਉਹ ਰਾਜਸਥਾਨ ਨਾਲ ਸਬੰਧ ਰੱਖਦੇ ਹਨ ਪਰ ਫ਼ਿਲਹਾਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਰਹਿੰਦੇ ਹਨ। 

ਪੁਲਸ ਮੁਤਾਬਕ ਦੋਵੇਂ ਬੀਮਾ ਦਾਅਵਾ ਦਿਵਾਉਣ ਦੇ ਨਾਂ ’ਤੇ 2014 ਤੋਂ ਲੋਕਾਂ ਨਾਲ ਠੱਗੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 30 ਸ਼ਿਕਾਇਤਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਹ ਦੋਸ਼ੀਆਂ ਦੇ ਖਾਤਿਆਂ ਨਾਲ ਜੁੜੀ ਹੈ। ਪੁਲਸ ਮੁਤਾਬਕ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੀ ਸ਼ਾਖਾ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੇਟੇਜਿਕ ਆਪਰੇਸ਼ਨਸ (IFSO) ਨੇ ਮਾਮਲੇ ਦਾ ਪਤਾ ਲਾਇਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਅਟਕੇ ਹੋਏ ਬੀਮਾ ਪਾਲਿਸੀ ਦੇ ਦਾਅਵਿਆਂ ਨੂੰ ਦਿਵਾਉਣ ਦੇ ਬਹਾਨੇ ਸਾਢੇ 7 ਸਾਲਾਂ ਦੌਰਾਨ ਉਨ੍ਹਾਂ ਨਾਲ 2.80 ਕਰੋੜ ਰੁਪਏ ਦੀ ਠੱਗੀ ਕੀਤੀ ਹੈ।

IFSO ਦੇ ਡੀ. ਸੀ. ਪੀ. ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲਾਇਆ ਗਿਆ ਹੈ ਕਿ ਪੈਸਾ ਕਿੱਥੇ-ਕਿੱਥੇ ਗਿਆ। ਸ਼ਿਕਾਇਤਕਰਤਾ ਨਾਲ ਠੱਗੀ ਲਈ ਕਰੀਬ 30 ਬੈਂਕ ਖਾਤਿਆਂ ਦਾ ਇਸਤੇਮਾਲ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਗਿਰੋਹ ਕਈ ਸੂਬਿਆਂ ’ਚ ਫੈਲਿਆ ਹੋਇਆ ਹੈ। ਇਨ੍ਹਾਂ ਖਾਤਿਆਂ ਦਾ ਇਸਤੇਮਾਲ ਕਰ ਕੇ ਗਿਰੋਹ ਨੇ 500 ਤੋਂ ਵਧੇਰੇ ਲੋਕਾਂ ਨਾਲ 12 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੋਸ਼ੀ ‘ਟੈੱਲੀ ਕਾਲਿੰਗ’ ਲਈ ਜਾਅਲੀ ਸਿਮ ਕਾਰਡ ਅਤੇ ਪੈਸਾ ਪ੍ਰਾਪਤ ਕਰਨ ਲਈ ਜਾਅਲੀ ਖਾਤਿਆਂ ਦਾ ਇਸਤੇਮਾਲ ਕਰਦੇ ਸਨ। ਪੁੱਛ-ਗਿੱਛ ’ਚ ਦੋਸ਼ੀਆਂ ਨੇ ਦੱਸਿਆ ਕਿ ਉਹ 2014 ਤੋਂ ਬੀਮਾ ਪਾਲਿਸੀ ਦਾ ਫਾਇਦਾ ਦਿਵਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਕਰਦੇ ਸਨ। ਪੁਲਸ ਨੇ ਉਨ੍ਹਾਂ ਕੋਲੋਂ ਦੋ ਮੋਬਾਇਲ ਫੋਨ, 25 ਡੇਬਿਟ ਅਤੇ ਕ੍ਰੇਡਿਟ ਕਾਰਡ ਜ਼ਬਤ ਕੀਤੇ ਹਨ। 


Tanu

Content Editor

Related News