ਮੈਕਰੋਂ ਨੇ ਪੀ.ਐੱਮ. ਮੋਦੀ ਨੂੰ ਦਿਖਾਈ ਇਤਿਹਾਸਿਕ ਇਮਾਰਤ

08/23/2019 12:43:08 PM

ਪੈਰਿਸ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫਰਾਂਸ ਦੀ 2 ਦਿਨੀਂ ਯਾਤਰਾ 'ਤੇ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੀ.ਐੱਮ. ਨਰਿੰਦਰ ਮੋਦੀ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦਾ ਬਿਹਤਰੀਨ ਨਗੀਨਾ ਕਹਾਉਣ ਵਾਲੀ ਇਮਾਰਤ 'ਸੈਤੋ ਦੇ ਸੈਨਿਲੀ' ਦਿਖਾਈ। ਇਸ ਦੇ ਨਾਲ ਹੀ ਇਮਾਰਤ ਦੀ ਇਤਿਹਾਸਿਕ ਮਹੱਤਤਾ ਦੇ ਬਾਰੇ ਵਿਚ ਦੱਸਿਆ। ਵਾਸਤੂਕਲਾ ਦਾ ਦਹਾਕਿਆਂ ਪੁਰਾਣਾ ਸ਼ਾਹਕਾਰ 'ਸੈਤੋ ਦੇ ਸੈਨਿਲੀ' ਪੈਰਿਸ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਹੈ। 

 

ਇਸ ਇਮਾਰਤ ਦਾ ਨਿਰਮਾਣ 1358 ਵਿਚ ਸ਼ੁਰੂ ਹੋਇਆ ਸੀ ਅਤੇ 1882 ਵਿਚ ਇਹ ਬਣ ਕੇ ਤਿਆਰ ਹੋਈ ਸੀ। ਇਹ ਅਸਲ ਵਿਚ ਦੋ ਇਮਾਰਤਾਂ ਹਨ। ਐਤਿਤ ਸੈਤੋ ਦਾ ਨਿਰਮਾਣ 1560 ਵਿਚ ਪੂਰਾ ਹਇਆ। ਦੂਜੀ ਇਮਾਰਤ ਗ੍ਰਾਨ ਸੈਤੋ ਹੈ, ਜਿਸ ਨੂੰ ਫ੍ਰਾਂਸੀਸੀ ਕ੍ਰਾਂਤੀ ਦੌਰਾਨ ਨਸ਼ਟ ਕਰ ਦਿੱਤਾ ਗਿਆ ਸੀ। 1870 ਦੇ ਦਹਾਕੇ ਵਿਚ ਇਸ ਦੀ ਮੁੜ ਉਸਾਰੀ ਕੀਤੀ ਗਈ। 

ਮੋਦੀ ਨੇ ਫਰਾਂਸ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਸੀ ਕਿ ਫਰਾਂਸ ਭਾਰਤ ਦਾ ਮਜ਼ਬੂਤ ਰਣਨੀਤਕ ਹਿੱਸੇਦਾਰ ਹੈ ਅਤੇ ਦੋਵੇਂ ਦੇਸ਼ ਇਸ ਦੀ ਮਹੱਤਤਾ ਡੂੰਘਾਈ ਨਾਲ ਸਮਝਦੇ ਹਨ ਅਤੇ ਇਸ ਨੂੰ ਸਾਂਝਾ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਇਹ ਯਾਤਰਾ ਆਪਸੀ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਦੇ ਲਈ ਫਰਾਂਸ ਦੇ ਨਾਲ ਭਾਰਤ ਦੀ ਲੰਬੇ ਸਮੇਂ ਦੀ ਮਿਆਦ ਵਾਲੀ ਅਤੇ ਬਹੁਮੁੱਲੀ ਦੋਸਤੀ ਨੂੰ ਹੋਰ ਵਧਾਵਾ ਦੇਵੇਗੀ।

Vandana

This news is Content Editor Vandana